ਪਾਕਿਸਤਾਨ ਤੋਂ ਪੁੱਜੇ ਸਿੰਧੀ ਹਿੰਦੂ ਜਥੇ 'ਚ ਸ਼ਾਮਿਲ ਔਰਤ ਨੇ ਭਾਰਤੀ ਸਰਹੱਦ 'ਤੇ ਬੱਚੀ ਨੂੰ ਦਿੱਤਾ ਜਨਮ

ਅਟਾਰੀ (ਅੰਮ੍ਰਿਤਸਰ), 3 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਾਕਿਸਤਾਨ ਤੋਂ ਅੱਜ ਬਾਅਦ ਦੁਪਹਿਰ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪੁੱਜੇ ਪਾਕਿਸਤਾਨੀ ਸਿੰਧੀ ਹਿੰਦੂ ਜਥੇ ਵਿਚ ਸ਼ਾਮਿਲ ਇਕ ਮਹਿਲਾ ਜੋ ਗਰਭਵਤੀ ਸੀ, ਨੇ ਭਾਰਤ ਅੰਦਰ ਦਾਖਿਲ ਹੁੰਦਿਆਂ ਅਟਾਰੀ ਸਰਹੱਦ ਉਤੇ ਸਥਿਤ ਆਈ.ਸੀ.ਪੀ. ਵਿਖੇ ਇਕ ਬੱਚੀ ਨੂੰ ਜਨਮ ਦਿੱਤਾ I ਨਵ-ਜੰਮੀ ਬੱਚੀ ਦਾ ਨਾਮ ਪਰਿਵਾਰ ਵਲੋਂ ਮੌਕੇ ਉਤੇ ਹੀ ਭਾਰਤੀ ਰੱਖ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਆਈ.ਸੀ.ਪੀ. ਅਟਾਰੀ ਸਰਹੱਦ ਵਿਖੇ ਭਾਰਤੀ ਡਾਕਟਰਾਂ ਦੀ ਇਕ ਟੀਮ ਤਾਇਨਾਤ ਰਹਿੰਦੀ ਹੈ ਜੋ ਕਿ ਪਾਕਿਸਤਾਨ ਤੇ ਭਾਰਤ ਦਰਮਿਆਨ ਆਉਣ-ਜਾਣ ਵਾਲੇ ਸੈਲਾਨੀ ਯਾਤਰੂਆਂ ਦੀ ਮੈਡੀਕਲ ਜਾਂਚ ਕਰਦੀ ਹੈI ਮਾਤਾ-ਪਿਤਾ ਨੇ ਨਵਜੰਮੀ ਬੱਚੀ ਦਾ ਨਾਮ ਗੰਗਾ ਭਾਰਤੀ ਰੱਖਿਆ ਹੈ। ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਭਾਰਤ ਆਈ ਔਰਤ ਜਦੋਂ ਇਮੀਗ੍ਰੇਸ਼ਨ ਅਤੇ ਕਸਟਮ ਦੀ ਲੋੜੀਂਦੀ ਕਾਗਜ਼ੀ ਕਾਰਵਾਈ ਕਰਵਾ ਰਹੀ ਸੀ ਤਾਂ ਬੈਂਚ ਉਤੇ ਲੇਟ ਗਈ। ਕਸਟਮ ਅਤੇ ਇਮੀਗ੍ਰੇਸ਼ਨ ਵਲੋਂ ਜਲਦੀ ਤੋਂ ਜਲਦੀ ਜਾਂਚ ਕਰਕੇ ਇਲਾਜ ਲਈ ਭੇਜ ਦਿੱਤਾ ਗਿਆ। ਉਸ ਨੂੰ ਅਟਾਰੀ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ, ਜਿਥੇ ਉਸਨੇ ਲੜਕੀ ਨੂੰ ਜਨਮ ਦਿੱਤਾ। ਡਾ. ਚੰਨਪ੍ਰੀਤ ਸਿੰਘ ਅਤੇ ਅੰਮ੍ਰਿਤਸਰ ਤੋਂ ਆਈ ਡਾਕਟਰਾਂ ਦੀ ਟੀਮ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੱਚਾ-ਬੱਚਾ ਦੋਵੇਂ ਤੰਦਰੁਸਤ ਹਨ। ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਤਾਂ ਕਿ ਉਹ ਆਪਣੀ ਮੰਜ਼ਿਲ ਉਤੇ ਜਲਦੀ ਪਹੁੰਚ ਸਕਣ। ਕਸਬਾ ਅਟਾਰੀ ਦੇ ਸਮਾਜ ਸੇਵਕ ਵਿਜੇ ਕੁਮਾਰ ਵਰਮਾ ਪਰਿਵਾਰ ਦੀ ਮਦਦ ਲਈ ਪਹੁੰਚੇ। ਉਨ੍ਹਾਂ ਨੇ ਨਵ-ਜੰਮੀ ਲੜਕੀ ਨੂੰ ਸ਼ਗਨ ਅਤੇ ਕੱਪੜੇ ਦਿੱਤੇ ਅਤੇ ਮਾਤਾ-ਪਿਤਾ ਨੂੰ ਵਧਾਈਆਂ ਦਿੱਤੀਆਂ ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਲੜਕੀ ਦੇ ਮਾਤਾ-ਪਿਤਾ ਨੇ ਵਿਜੇ ਕੁਮਾਰ ਵਰਮਾ ਦਾ ਧੰਨਵਾਦ ਕੀਤਾ। ਗੰਗਾ ਭਾਰਤੀ ਦੇ ਪਿਤਾ ਖਾਨੂ ਅਤੇ ਪਤਨੀ ਮਾਇਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਰਹਿਣ ਵਾਲੇ ਹਨ ਅਤੇ 25 ਦਿਨ ਦੇ ਵੀਜ਼ੇ ਉਤੇ ਭਾਰਤ ਵਿਖੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਆਏ ਹਨ। ਉਹ ਜੋਧਪੁਰ, ਹਰਿਦੁਆਰ ਅਤੇ ਹੋਰ ਵੱਖ-ਵੱਖ ਧਾਰਮਿਕ ਅਸਥਾਨਾਂ ਉਤੇ ਜਾਣਗੇ।