ਖਨੌਰੀ ਬਾਰਡਰ ’ਤੋਂ ਡਿਟੇਨ ਕੀਤੇ 17 ਕਿਸਾਨ ਨਾਭਾ ਜੇਲ੍ਹ ’ਚੋਂ ਹੋਏ ਰਿਹਾਅ

ਨਾਭਾ, (ਪਟਿਆਲਾ), 28 ਮਾਰਚ (ਜਗਨਾਰ ਸਿੰਘ ਦੁਲੱਦੀ)- ਪਿਛਲੇ ਦਿਨੀਂ ਪੰਜਾਬ ਹਰਿਆਣਾ ਸਰਹੱਦ ’ਤੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਨੂੰ ਖੁਲ੍ਹਵਾਉਣ ਸਮੇਂ ਪੁਲਿਸ ਵਲੋਂ ਵੱਡੀ ਗਿਣਤੀ ’ਚ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਸੀ। ਧਰਨਾ ਖਤਮ ਕਰਾਉਣ ਸਮੇਂ ਡਿਟੇਨ ਕੀਤੇ ਕਿਸਾਨਾਂ ’ਚੋਂ 150 ਕਿਸਾਨਾਂ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ। ਨਾਭਾ ਜੇਲ ’ਚ ਬੰਦ ਕਿਸਾਨਾਂ ’ਚੋਂ 133 ਕਿਸਾਨਾਂ ਨੂੰ ਪਹਿਲਾਂ ਹੀ ਰਿਹਾਅ ਕਰ ਦਿੱਤਾ ਗਿਆ ਸੀ, ਜਦੋਂ ਕਿ ਬਾਕੀ ਰਹਿੰਦੇ 17 ਕਿਸਾਨਾਂ ਨੂੰ ਵੀ ਅੱਜ ਤੜਕਸਾਰ ਰਿਹਾਅ ਕਰ ਦਿੱਤਾ ਗਿਆ ਹੈ। ਬੰਦੀ ਕਿਸਾਨਾਂ ਦੀ ਰਿਹਾਈ ਦੀ ਪੁਸ਼ਟੀ ਕਰਦਿਆਂ ਨਵੇਂ ਜ਼ਿਲ੍ਹਾ ਜੇਲ ਨਾਭਾ ਦੇ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਮਾਣਯੋਗ ਕੋਰਟ ਦੀਆਂ ਹਦਾਇਤਾਂ ਅਨੁਸਾਰ ਅੱਜ ਸਵੇਰੇ 17 ਕਿਸਾਨਾਂ ਨੂੰ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ ਹੈ।