30 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਚਾਰ ਧਾਮ ਯਾਤਰਾ

ਦੇਹਰਾਦੂਨ, 27 ਮਾਰਚ- ਉੁੱਤਰਾਖੰਡ ਵਿਚ 30 ਅਪ੍ਰੈਲ ਤੋਂ ਚਾਰ ਧਾਮ ਦੀ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ। ਇਸ ਦਿਨ ਮਾਂ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਦਰਵਾਜ਼ੇ ਸਭ ਤੋਂ ਪਹਿਲਾਂ ਖੋਲ੍ਹੇ ਜਾਣਗੇ। ਇਸ ਤੋਂ ਬਾਅਦ, ਕੇਦਾਰਨਾਥ ਧਾਮ ਦੇ ਦਰਵਾਜ਼ੇ 2 ਮਈ ਨੂੰ ਖੁੱਲ੍ਹਣਗੇ। ਅੰਤ ਵਿਚ, 4 ਮਈ ਨੂੰ ਭਗਵਾਨ ਬਦਰੀਨਾਥ ਧਾਮ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਰਸਮਾਂ-ਰਿਵਾਜਾਂ ਨਾਲ ਖੋਲ੍ਹ ਦਿੱਤੇ ਜਾਣਗੇ। ਇਸ ਦੇ ਨਾਲ ਚਾਰ ਧਾਮ ਯਾਤਰਾ ਪੂਰੇ ਜੋਸ਼ ਨਾਲ ਸ਼ੁਰੂ ਹੋ ਜਾਵੇਗੀ। ਇਸ ਵਾਰ ਸ਼ੁਰੂ ਹੋ ਰਹੀ ਚਾਰ ਧਾਮ ਯਾਤਰਾ ਵਿਚ ਵੀਡੀਓ ਰੀਲ ਬਣਾਉਣ ਵਾਲਿਆਂ ਅਤੇ ਯੂਟਿਊਬਰਾਂ ਨੂੰ ਆਉਣ ਤੋਂ ਰੋਕਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕੇਦਾਰਨਾਥ-ਬਦਰੀਨਾਥ ਪਾਂਡਾ ਭਾਈਚਾਰੇ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਉਹ ਉਨ੍ਹਾਂ ਨੂੰ ਮੰਦਰ ਪਰਿਸਰ ਵਿਚ ਦਾਖਲ ਨਹੀਂ ਹੋਣ ਦੇਣਗੇ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਦਰਸ਼ਨ ਕੀਤੇ ਬਿਨ੍ਹਾਂ ਵਾਪਸ ਭੇਜ ਦਿੱਤਾ ਜਾਵੇਗਾ। ਇਸ ਬਾਰੇ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਪੈਸੇ ਦੇ ਕੇ ਵੀ.ਆਈ.ਪੀ. ਦਰਸ਼ਨਾਂ ਦੀ ਪ੍ਰਣਾਲੀ ਵੀ ਧਾਰਮਿਕ ਸਥਾਨਾਂ ’ਤੇ ਬੰਦ ਰਹੇਗੀ।