ਫਗਵਾੜਾ : 1 ਲੱਖ 80 ਹਜ਼ਾਰ ਦੀ ਰਿਸ਼ਵਤ ਮੰਗਣ ਦੇ ਮਾਮਲੇ 'ਚ 2 ਅਧਿਕਾਰੀ ਗ੍ਰਿਫ਼ਤਾਰ

ਫਗਵਾੜਾ, 25 ਮਾਰਚ (ਹਰਜੋਤ ਸਿੰਘ ਚਾਨਾ)-ਨਗਰ ਨਿਗਮ ਦੇ ਕੰਮਾਂ ਦਾ ‘ਸਵੱਛ ਸਰਵੇਖਣ 2024’ ਕਰਨ ਆਈ ਟੀਮ ਦੇ ਦੋ ਅਧਿਕਾਰੀਆਂ ਵਲੋਂ 1 ਲੱਖ 80 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ’ਚ ਉਨ੍ਹਾਂ ਨੂੰ ਸਿਟੀ ਪੁਲਿਸ ਹਵਾਲੇ ਕਰ ਦਿੱਤਾ ਹੈ, ਜਿਸ ਸਬੰਧ ’ਚ ਪੁਲਿਸ ਨੇ ਆਪਣੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਦੇ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ (ਆਈ.ਏ.ਐਸ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਆਲਿਟੀ ਕੌਂਸਲ ਆਫ਼ ਇੰਡੀਆ ਵਲੋਂ ਦੋ ਮੈਂਬਰੀ ਟੀਮ ਪਾਣੀ ਤੇ ਜੀ.ਐਸ.ਐਫ਼. ਦਾ ਸਰਵੇ ਕਰਨ ਲਈ ਆਈ ਸੀ, ਜਿਸ ਨੇ 22 ਮਾਰਚ ਤੋਂ ਆਪਣਾ ਸਰਵੇ ਸ਼ੁਰੂ ਕਰ ਦਿੱਤਾ ਤੇ ਸਰਵੇ ਉਪਰੰਤ ਨਿਗਮ ਅਧਿਕਾਰੀਆਂ ਪਾਸੋਂ ਇਸ ਸਰਵੇ ’ਚ ਚੰਗਾ ਰੈਂਕ ਲਗਵਾਉਣ ਲਈ 1 ਲੱਖ 80 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ 1 ਲੱਖ 50 ਹਜ਼ਾਰ ’ਚ ਇਸ ਗੱਲ ਨੂੰ ਨਿਬੇੜਨ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਸ ’ਚੋਂ ਅੱਧੀ ਰਾਸ਼ੀ ਤਾਂ ਸਾਡੇ ਉੱਚ ਅਧਿਕਾਰੀਆਂ ਨੂੰ ਜਾਣੀ ਹੈ ਪਰ ਨਿਗਮ ਅਧਿਕਾਰੀਆਂ ਨੇ ਅਸਮਰੱਥਤਾ ਪ੍ਰਗਟਾਉਂਦੇ ਹੋਏ ਇਸ ਦੀ ਵੀਡੀਓ ਰਿਕਾਰਡਿੰਗ ਕਰਕੇ ਨਿਗਮ ਕਮਿਸ਼ਨਰ ਨੂੰ ਪੇਸ਼ ਕੀਤੀ। ਉਨ੍ਹਾਂ ਇਸ ’ਤੇ ਕਾਰਵਾਈ ਕਰਨ ਲਈ ਐਸ.ਪੀ. ਫਗਵਾੜਾ ਨੂੰ ਲਿਖਤੀ ਸ਼ਿਕਾਇਤ ਭੇਜ ਦਿੱਤੀ ਤੇ ਦੋਵੇਂ ਅਧਿਕਾਰੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਇਨ੍ਹਾਂ ਦੀ ਸ਼ਨਾਖ਼ਤ ਰਵੀ ਤੇ ਗੁਲਸ਼ਨ ਵਜੋਂ ਹੋਈ ਹੈ। ਡੀ.ਐਸ.ਪੀ. ਭਾਰਤ ਭੂਸ਼ਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵਲੋਂ ਇਨ੍ਹਾਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।