JALANDHAR WEATHER

26-03-2025

 ਸੁਚੇਤ ਹੋਣ ਦੀ ਲੋੜ

ਪਿਛਲੇ ਕੁਝ ਸਮੇਂ ਤੋਂ ਬਹੁਤ ਦੇਸ਼ਾਂ ਵਲੋਂ ਇਹ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੇ ਆਉਣ ਵਾਲੇ ਸਮੇਂ 'ਚ ਵਿਸ਼ਵ ਯੁੱਧ ਹੋਇਆ ਤਾਂ ਉਹ ਸਿਰਫ਼ ਤੇ ਸਿਰਫ਼ ਪਾਣੀ ਨੂੰ ਲੈ ਕੇ ਹੋਵੇਗਾ। ਸੱਚਾਈ ਇਹ ਵੀ ਹੈ ਕਿ ਪੂਰੀ ਦੁਨੀਆ ਇਸ ਗੱਲ ਤੋਂ ਮਨਕਰ ਨਹੀਂ ਹੋ ਸਕਦੀ ਕਿ ਪਾਣੀ ਇਕ ਅਜਿਹਾ ਸ੍ਰੋਤ ਹੈ। ਜਿਸ ਨੂੰ ਖ਼ਤਮ ਹੋਣ ਤੋਂ ਬਾਅਦ ਮੁੜ ਕਿਸੇ ਵੀ ਤਕਨੀਕ ਨਾਲ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ। ਸੱਚ ਇਹ ਵੀ ਹੈ ਕਿ ਪਾਣੀ ਤੋਂ ਬਗੈਰ ਮਨੁੱਖੀ ਜੀਵਨ ਸੰਭਵ ਨਹੀਂ ਹੈ। ਬਾਕੀ ਦੁਨੀਆ ਨੂੰ ਛੱਡ ਜੇਕਰ ਅੱਜ ਪੰਜਾਬ ਦੀ ਹੀ ਗੱਲ ਕਰੀਏ ਤਾਂ ਅੰਕੜੇ ਦੱਸਦੇ ਹਨ ਕਿ ਪੰਜਾਬ ਦੇ 25-26 ਬਲਾਕਾਂ ਦਾ ਪਾਣੀ ਡੇਢ ਤੋਂ ਦੋ ਮੀਟਰ ਹੇਠਾਂ ਚਲਾ ਗਿਆ ਹੈ। ਪਾਣੀ ਦਾ ਪੱਧਰ ਇਸ ਕਦਰ ਹੇਠਾਂ ਜਾਣਾ ਚਿੰਤਾ ਪੈਦਾ ਕਰ ਰਿਹਾ ਹੈ। ਪੰਜ ਆਬਾਂ ਵਾਲਾ ਪੰਜਾਬ ਭਾਵੇਂ ਅੱਜ ਢਾਈ ਆਬਾਂ ਦਾ ਹੀ ਰਹਿ ਗਿਆ ਹੈ। ਜੇ ਪਾਣੀ ਪੱਖੋਂ ਪੰਜਾਬ ਦਾ ਇਹ ਹਾਲ ਹੈ ਤਾਂ ਉਪਰੋਕਤ ਖ਼ਦਸ਼ੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਾਣੀ ਦੇ ਪੱਖ ਤੋਂ ਇਕੱਲੇ ਲੁਧਿਆਣਾ ਜ਼ਿਲ੍ਹੇ ਦੀ ਜੋ ਡਰਾਉਣੀ ਤਸਵੀਰ ਸਾਹਮਣੇ ਆ ਰਹੀ ਹੈ ਉਹ ਗੰਭੀਰ ਹੋਣ ਦੀ ਚਿਤਾਵਨੀ ਦੇ ਰਹੀ ਹੈ। ਇਨ੍ਹਾਂ ਅਲਾਮਤਾਂ ਤੋਂ ਇਲਾਵਾ ਬਹੁਤੀਆਂ ਤਾਕਤਾਂ ਪੰਜਾਬ ਦੇ ਪਾਣੀਆਂ ਤੇ ਅੱਖ ਰੱਖੀ ਬੈਠੀਆਂ ਹਨ। ਅੱਜ ਪੰਜਾਬੀਆਂ ਨੂੰ ਹਰ ਪਲ ਸੁਚੇਤ ਰਹਿਣ ਦੀ ਲੋੜ ਹੈ।

-ਬੰਤ ਸਿੰਘ ਘੁਡਾਣੀ
ਲੁਧਿਆਣਾ।

ਸਾਡੀਆਂ ਆਦਤਾਂ ਸਾਡਾ ਭਵਿੱਖ

ਸਾਡੀਆਂ ਆਦਤਾਂ ਹੀ ਸਾਡਾ ਭਵਿੱਖ ਤੈਅ ਕਰਦੀਆਂ ਹਨ, ਜਿਸ ਤਰ੍ਹਾਂ ਦੀਆਂ ਸਾਡੀਆਂ ਵਰਤਮਾਨ ਵਿਚ ਆਦਤਾਂ ਹੁੰਦੀਆਂ ਹਨ, ਉਸੇ ਤਰ੍ਹਾਂ ਦਾ ਸਾਡਾ ਭਵਿੱਖ ਬਣ ਜਾਂਦਾ ਹੈ। ਕੋਈ ਨਵੀਂ ਆਦਤ ਨੂੰ ਆਪਣੇ ਜੀਵਨ ਵਿਚ ਜੋੜਨਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਅਸੀਂ ਲੰਮਾ ਸਮਾਂ ਉਸ ਆਦਤ ਤੋਂ ਬਿਨਾਂ ਜੀਅ ਰਹੇ ਹੁੰਦੇ ਹਾਂ ਤਾਂ ਇਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਸਾਨੂੰ ਨਵੀਂ ਆਦਤ ਪਾਉਣ ਲਈ ਸਭ ਤੋਂ ਪਹਿਲਾਂ ਉਸ ਆਦਤ ਦਾ ਉਦੇਸ਼ ਜਾਂ ਵਜ੍ਹਾ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਉਸ 'ਤੇ ਲੋੜੀਂਦੀ ਮਿਹਨਤ ਕਰ ਸਕਾਂਗੇ। ਇਕ ਵਾਰ ਨਵੀਂ ਆਦਤ ਪਾਉਣ ਦਾ ਟੀਚਾ ਨਿਰਧਾਰਿਤ ਕਰਨ ਤੋਂ ਬਾਅਦ ਵੀ ਅਨੇਕਾਂ ਰੁਕਾਵਟਾਂ ਜਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਅਸੀਂ ਆਪਣੀ ਆਦਤ ਨੂੰ ਬਦਲਣਾ ਜਾਂ ਨਵੀਂ ਆਦਤ ਅਪਣਾਉਣਾ ਚਾਹੁੰਦੇ ਹਾਂ ਤੇ ਸਾਨੂੰ ਮੁਸ਼ਕਿਲ ਪੇਸ਼ ਆ ਰਹੀ ਹੈ ਤਾਂ ਇਸ ਬਾਬਤ ਅਸੀਂ ਆਪਣੇ ਕਿਸੇ ਦੋਸਤ ਜਾਂ ਘਰ ਦੇ ਮੈਂਬਰ ਦੀ ਮਦਦ ਲੈ ਸਕਦੇ ਹਾਂ। ਆਦਤ ਬਦਲਣ ਲੱਗਿਆਂ ਸਾਨੂੰ ਮੁਸ਼ਕਿਲਾਂ ਤਾਂ ਆਉਣਗੀਆਂ ਹੀ ਪਰ ਸਾਨੂੰ ਸਹਿਜਤਾ ਨਾਲ ਆਪਣੇ ਨਿਸ਼ਾਨੇ 'ਤੇ ਪਹੁੰਚਣ ਲਈ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ।

-ਚਰਨਜੀਤ ਸਿੰਘ
ਸ੍ਰੀ ਮੁਕਤਸਰ ਸਾਹਿਬ।

ਮਾਨਵਵਾਦ

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਸਾਨੂੰ ਸਮਾਜ ਤੇ ਸੰਵਿਧਾਨ ਦੇ ਨਿਯਮਾਂ 'ਤੇ ਚੱਲ ਕੇ ਹੀ ਤਰੱਕੀ ਤੇ ਇੱਜ਼ਤ ਪ੍ਰਾਪਤ ਹੁੰਦੀ ਹੈ। ਪਰਿਵਾਰ ਵਿਚ ਪਤੀ-ਪਤਨੀ, ਬੇਟੇ-ਬੇਟੀਆਂ ਅਤੇ ਹੋਰ ਸਭ ਤਰ੍ਹਾਂ ਦੇ ਰਿਸ਼ਤਿਆਂ ਦੇ ਨਿਯਮ ਬਣੇ ਹੋਏ ਹਨ, ਜਿਨ੍ਹਾਂ 'ਤੇ ਚੱਲ ਕੇ ਹੀ ਸਾਨੂੰ ਸਮਾਜ ਵਿਚ ਇੱਜਤ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਹੀ ਰੋਜ਼ੀ-ਰੋਟੀ ਲਈ ਕੀਤੇ ਜਾਣ ਵਾਲੇ ਵਪਾਰ, ਨੌਕਰੀ ਅਤੇ ਖੇਤੀਬਾੜੀ ਲਈ ਨਿਯਮ ਨਿਰਧਾਰਿਤ ਹਨ, ਜਿਨ੍ਹਾਂ ਦੇ ਅਨੁਸਾਰ ਹੀ ਸਾਨੂੰ ਕੰਮ ਦੀ ਮਿਹਨਤ ਪ੍ਰਾਪਤ ਹੁੰਦੀ ਹੈ। ਇਨ੍ਹਾਂ ਨਿਯਮਾਂ ਵਿਚ ਬਹੁਤ ਹੀ ਕਮੀਆਂ ਹਨ, ਇਸੇ ਕਾਰਨ ਅਜੋਕੇ ਸਮੇਂ ਵਿਚ ਮਨੁੱਖ ਅਨੇਕਾਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੇ ਚਿੰਤਾਵਾਂ ਵਿਚ ਘਿਰਿਆ ਹੋਇਆ ਹੈ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਮਨੋਵਿਗਿਆਨੀਆਂ ਦੁਆਰਾ 'ਮਾਨਵਵਾਦ' ਦ੍ਰਿਸ਼ਟੀਕੋਣ ਅਪਣਾਉਣ 'ਤੇ ਜ਼ੋਰ ਦਿੱਤਾ ਜਾਂਦਾ ਹੈ। 'ਮਾਨਵਵਾਦ' ਮਾਡਲ ਵਿਚ ਮਨੁੱਖ ਦੀਆਂ ਅੰਦਰੂਨੀ ਸਮੱਸਿਆਵਾਂ ਤੇ ਆਜ਼ਾਦ ਵਿਚਾਰਾਂ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ।

-ਮਨੋਵਿਗਿਆਨਿਕ ਪ੍ਰਯੋਗਸ਼ਾਲਾ
ਨੌਨੀਤਪੁਰ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ)।