ਵਿਰੋਧੀ ਧਿਰ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਮੰਗ-ਪੱਤਰ, ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਉਣ ਵਾਲੇ ਮਤੇ ਰੱਦ ਕਰਨ ਦੀ ਮੰਗ

ਅੰਮ੍ਰਿਤਸਰ, 25 ਮਾਰਚ (ਜਸਵੰਤ ਸਿੰਘ ਜੱਸ)-ਬਾਦਲ ਦਲ ਵਿਰੋਧੀ ਧਿਰ ਨਾਲ ਸੰਬੰਧਿਤ 40 ਦੇ ਕਰੀਬ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਦਸਤਖਤਾਂ ਹੇਠ ਇਕ ਮੰਗ-ਪੱਤਰ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾ ਕੋਹਨਾ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਸੌਂਪਿਆ ਗਿਆ। ਭਾਈ ਭੂਰਾ ਕੋਹਨਾ ਨੇ ਦੱਸਿਆ ਕਿ ਇਸ ਮੰਗ ਪੱਤਰ ਵਿਚ ਸ਼੍ਰੋਮਣੀ ਕਮੇਟੀ ਤੋਂ ਪਿਛਲੇ ਦਿਨੀਂ ਤਿੰਨ ਸਿੰਘ ਸਾਹਿਬਾਨਾਂ ਨੂੰ ਸਤਿਕਾਰਯੋਗ ਅਹੁਦਿਆਂ ਤੋਂ ਫਾਰਗ ਕਰਨ ਦੇ ਪਾਸ ਮਤਿਆਂ ਨੂੰ ਰੱਦ ਕਰਨ ਦਾ ਏਜੰਡਾ ਸ਼੍ਰੋਮਣੀ ਕਮੇਟੀ ਦੇ ਅਗਾਮੀ ਬਜਟ ਇਜਲਾਸ ਵਿਚ ਲਿਆਉਣ ਦੀ ਮੰਗ ਕੀਤੀ ਗਈ। ਇਸ ਮੌਕੇ ਭਾਈ ਭੂਰਾ ਕੋਹਨਾ ਦੇ ਨਾਲ ਬੀਬੀ ਕਿਰਨਜੋਤ ਕੌਰ, ਜਥੇਦਾਰ ਅਮਰੀਕ ਸਿੰਘ ਸ਼ਾਹਪੁਰ, ਹਰਜਾਪ ਸਿੰਘ ਸੁਲਤਾਨਵਿੰਡ ਤੇ ਸਾਬਕਾ ਮੈਂਬਰ ਹਰਬੰਸ ਸਿੰਘ ਮੰਝਪੁਰ ਵੀ ਸਨ।