ਨਾਕੇ ਦੌਰਾਨ ਚਲਾਨ ਕੱਟ ਰਹੇ ਪੁਲਿਸ ਮੁਲਾਜ਼ਮਾਂ ਨੇ ਮਾਂ-ਪੁੱਤ ਦੇ ਮਾਰੀਆਂ ਚਪੇੜਾਂ, ਹੋਇਆ ਹੰਗਾਮਾ
ਜੰਡਿਆਲਾ ਮੰਜਕੀ, 24 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਮੋਟਰਸਾਈਕਲ 'ਤੇ ਆ ਰਹੇ ਮਾਂ-ਪੁੱਤ ਨੂੰ ਚੀਮਾਂ ਗੇਟ ਨੂਰਮਹਿਲ ਨੇੜੇ ਲੱਗੇ ਨਾਕੇ ਦੌਰਾਨ ਨੂਰਮਹਿਲ ਪੁਲਿਸ ਵਲੋਂ ਚਪੇੜਾਂ ਮਾਰਨ ਦਾ ਮਾਮਲਾ ਸਾਹਮਣਾ ਆਇਆ ਹੈ। ਪ੍ਰਿੰਸ ਪੁੱਤਰ ਉਮਰਾਜ ਪਿੰਡ ਨੰਗਲ ਤੇ ਉਸ ਦੀ ਮਾਤਾ ਸੀਮਾ ਆਪਣੇ ਪਿੰਡ ਤੋਂ ਨੂਰਮਹਿਲ ਵਿਚ ਦਵਾਈ ਲੈਣ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਨਾਕੇ ਦੌਰਾਨ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਕਾਗਜ਼ਾਂ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਇਹ ਮੋਟਰਸਾਈਕਲ ਕਿਸੇ ਕੋਲੋਂ ਮੰਗ ਕੇ ਲਿਆਏ ਸੀ। ਪੁਲਿਸ ਨੇ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਤੇ ਮੋਟਰਸਾਈਕਲ ਦੀ ਚਾਬੀ ਕੱਢ ਕੇ ਬਾਊਂਡ ਕਰ ਦਿੱਤਾ। ਪ੍ਰਿੰਸ ਨੇ ਦੱਸਿਆ ਕਿ ਨਾ ਤਾਂ ਪੁਲਿਸ ਨੇ ਕੋਈ ਚਲਾਨ ਕੀਤਾ ਅਤੇ ਨਾ ਹੀ ਕੋਈ ਕੱਟੇ ਗਏ ਚਲਾਨ ਦਾ ਫਾਰਮ ਦਿੱਤਾ। ਉਪਰੰਤ ਪ੍ਰਿੰਸ ਨੇ ਆਪਣੀ ਮਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਇਸ ਸਬੰਧੀ ਜਦੋਂ ਥਾਣਾ ਮੁਖੀ ਕ੍ਰਿਸ਼ਨ ਗੋਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਕੋਰਟ ਵਿਚ ਸੀ। ਮਾਮਲਾ ਮੇਰੇ ਧਿਆਨ ਵਿਚ ਆਇਆ ਹੈ, ਇਸ ਦੀ ਤਫਤੀਸ਼ ਕੀਤੀ ਜਾਵੇਗੀ।