

ਗੁਰਾਇਆ, (ਜਲੰਧਰ) - 22 ਫ਼ਰਵਰੀ (ਬਲਵਿੰਦਰ ਸਿੰਘ) - ਪਿੰਡ ਚੱਕ ਦੇਸ ਰਾਜ ਵਿਖੇ ਵਾਪਰੀ ਘਟਨਾ ਵਿਚ ਇਕ ਵਿਆਹ ਸਮਾਗਮ ਦੌਰਾਨ ਨੌਜਵਾਨ ਨੇ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਡੀ.ਜੇ. ਫਲੋਰ 'ਤੇ ਨੱਚ ਰਹੇ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਹੋ ਗਈ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ ਹੈ, ਜੋ ਫਿਲੌਰ ਹਲਕੇ ਦੇ ਥਾਣਾ ਗੁਰਾਇਆ ਦੇ ਪਿੰਡ ਚੱਕ ਦੇਸਰਾਜ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿਚ ਸਾਫ਼ ਤੌਰ 'ਤੇ ਵੇਖਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਕਿਸ ਤਰੀਕੇ ਨਾਲ ਹਵਾਈ ਫਾਇਰ ਕਰ ਰਿਹਾ ਹੈ। ਇਕ ਤੋਂ ਬਾਅਦ ਇਕ ਤਿੰਨ ਫਾਇਰ ਵੀਡੀਓ ਵਿਚ ਨੌਜਵਾਨ ਵਲੋਂ ਕੀਤੇ ਵੇਖੇ ਜਾ ਸਕਦੇ ਹਨ। ਫਾਈਰਿੰਗ ਦੌਰਾਨ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (45) ਵਜੋਂ ਹੋਈ ਹੈ, ਜੋ ਪਿੰਡ ਦੀ ਮੌਜੂਦਾ ਸਰਪੰਚ ਦਾ ਪਤੀ ਦੱਸਿਆ ਜਾ ਰਿਹਾ ਹੈ। ਇਹ ਵੀਡੀਓ ਇਕ ਵਿਆਹ ਦੀ ਜਾਗੋ ਦੌਰਾਨ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਪੁਲਿਸ ਅਤੇ ਪਰਮਜੀਤ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ, ਪਰ ਹੁਣ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਚਰਚਾ ਵਿਚ ਆ ਗਿਆ ਹੈ।