ਪਾਤੜਾਂ (ਪਟਿਆਲਾ), 20 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਦੇਰ ਸ਼ਾਮ ਪਾਤੜਾਂ ਇਲਾਕੇ ਦੇ ਕਈ ਪਿੰਡਾਂ ਵਿਚ ਗੜੇਮਾਰੀ ਹੋਣ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਲਾਕੇ ਦੇ ਕਿਸਾਨਾਂ ਦੇ ਦੱਸਣ ਅਨੁਸਾਰ ਬਾਰਿਸ਼ ਦੌਰਾਨ ਹੋਈ ਗੜੇਮਾਰੀ ਨਾਲ ਪਿੰਡ ਨਿਆਲ ਦਫਤਰੀ ਵਾਲਾ ਅਤੇ ਹੋਰ ਬਹੁਤ ਸਾਰੇ ਪਿੰਡਾਂ ਵਿਚ ਭਾਰੀ ਗੜੇਮਾਰੀ ਹੋਈ ਹੈ, ਜਿਸ ਨਾਲ ਕਣਕਾਂ ਅਤੇ ਹਰੇ ਚਾਰੇ ਦੀਆਂ ਫਸਲਾਂ ਤੋਂ ਇਲਾਵਾ ਸਬਜ਼ੀਆਂ ਦਾ ਵੀ ਭਾਰੀ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਅਤੇ ਇਲਾਕੇ ਵਿਚ ਗੜੇਮਾਰੀ ਕਾਰਨ ਫਸਲਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਬਾਰਿਸ਼ ਨਾਲ ਕਿਸਾਨਾਂ ਨੂੰ ਉਮੀਦ ਸੀ ਕਿ ਇਹ ਕਣਕ ਦੀ ਫਸਲ ਲਈ ਲਾਭਦਾਇਕ ਹੋਵੇਗੀ ਪਰ ਦੇਰ ਸ਼ਾਮ ਮੌਸਮ ਵਿਚ ਬਦਲਾਅ ਆਉਣ ਕਾਰਨ ਮੀਂਹ ਦੇ ਨਾਲ-ਨਾਲ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਬੀ.ਕੇ.ਯੂ. ਏਕਤਾ ਆਜ਼ਾਦ ਦੇ ਸੂਬਾ ਆਗੂ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਬੀਤੇ ਸਾਲ ਵੀ ਉਨ੍ਹਾਂ ਦੇ ਪਿੰਡ ਵਿਚ ਗੜੇਮਾਰੀ ਨਾਲ ਕਣਕ ਦੀਆਂ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਸਨ ਅਤੇ ਇਸ ਵਾਰ ਫਿਰ ਤੋਂ ਹੋਈ ਇਸ ਗੜੇਮਾਰੀ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ।