![](/cmsimages/20250206/4772013__longowal.jpg)
ਲੌਂਗੋਵਾਲ (ਸੰਗਰੂਰ), 6 ਫਰਵਰੀ (ਵਿਨੋਦ, ਖੰਨਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ ਨੇ ਅੱਜ ਇਤਿਹਾਸਕ ਗੁਰਦੁਆਰਾ ਕੈਂਬੋਵਾਲ ਸਾਹਿਬ ਲੌਂਗੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਅਪ੍ਰੈਲ 2025 ਦੀ ਵਿਸਾਖੀ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਭਾਰੀ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ। ਇਸ ਅੰਮ੍ਰਿਤ ਸੰਚਾਰ ਦੀ ਵਿਲੱਖਣਤਾ ਇਹ ਹੋਵੇਗੀ ਕੀ ਇਹ ਅੰਮ੍ਰਿਤ ਸੰਚਾਰ ਉਸ ਇਤਿਹਾਸਕ ਅਤੇ ਪਵਿੱਤਰ ਖੰਡੇ ਨਾਲ ਹੋਵੇਗਾ, ਜਿਸ ਦੀ ਵਰਤੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖ਼ਾਲਸਾ ਪੰਥ ਦੀ ਸਾਜਨਾ ਮੌਕੇ ਕੀਤੀ ਸੀ। ਭਾਵੇਂ ਖੰਡੇ ਪ੍ਰਤੀ ਕੋਈ ਸਿਧਾਂਤਕ ਵਖਰੇਵਾਂ ਨਹੀਂ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਇਸ ਖੰਡੇ ਦੀ ਵਰਤੋਂ ਇਸ ਤੋਂ ਪਹਿਲਾਂ 1942 ਤੱਕ ਹੁੰਦੀ ਆਈ ਹੈ ਅਤੇ ਹੁਣ ਇਸ ਖੰਡੇ ਦੀ ਮੁਰੰਮਤ ਕਰਵਾ ਕੇ ਇਸ ਨੂੰ ਮੁੜ ਅਪ੍ਰੈਲ 2025 ਦੀ ਵਿਸਾਖੀ ਮੌਕੇ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਹਾਨ ਅੰਮ੍ਰਿਤ ਸੰਚਾਰ ਲਈ 10 ਹਜ਼ਾਰ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਲੌਂਗੋਵਾਲ ਦੀ ਧਰਤੀ ਦੇ ਲੋਕ ਕਿਸਮਤ ਦੇ ਧਨੀ ਹਨ ਹਨ ਜਿਨ੍ਹਾਂ ਨੂੰ ਭਾਈ ਮਨੀ ਸਿੰਘ,ਭਾਈ ਮਤੀ ਦਾਸ ,ਭਾਈ ਸਤੀ ਦਾਸ ਅਤੇ ਗਿਆਨੀ ਗਿਆਨ ਸਿੰਘ ਵਰਗੇ ਮਹਾਂਪੁਰਸ਼ਾਂ ਦੀ ਇਤਿਹਾਸਕ ਵਿਰਾਸਤ ਮਿਲੀ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਅਤੇ ਭਾਈ ਮਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਵਸ ਪੂਰਨ ਸ਼ਰਧਾ ਅਤੇ ਸਤਿਕਾਰ ਨਾਲ ਮਨਾਏ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਅੱਜ ਲੌਂਗੋਵਾਲ ਦੀ ਧਰਤੀ ਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਦੀ ਯੋਗ ਅਗਵਾਈ ਹੇਠ ਧਰਮ ਪ੍ਰਚਾਰ ਦੀ ਲਹਿਰ ਨੂੰ ਵੱਡੇ ਪੱਧਰ ਤੇ ਪ੍ਰਚੰਡ ਕੀਤਾ ਜਾ ਰਿਹਾ ਹੈ।