16-01-2026
ਚਾਈਨਾ ਡੋਰ ਦਾ ਕਹਿਰ ਜਾਰੀ
ਲੋਕ ਜਲਦੀ ਪੈਸਾ ਕਮਾਉਣ ਦੇ ਲਾਲਚਵੱਸ ਸਮਾਜ ਦੇ ਖ਼ਿਲਾਫ਼ ਕੰਮ ਕਰਦੇ ਹਨ, ਜਿਸ ਕਾਰਨ ਕੁਦਰਤ ਅਤੇ ਕੁਦਰਤ ਦੇ ਵਸ਼ਿੰਦਿਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੌਜੂਦਾ ਸਮੇਂ ਚਾਈਨਾ ਡੋਰ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ, ਜਿਸ ਕਾਰਨ ਹਰ ਰੋਜ਼ ਪੰਛੀਆਂ ਅਤੇ ਆਉਣ-ਜਾਣ ਵਾਲੇ ਰਾਹਗੀਰਾਂ ਦੇ ਜ਼ਖ਼ਮੀ ਹੋਣ ਦੀਆਂ ਖਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਲੰਮੇ ਸਮੇਂ ਤੋਂ ਸਮਾਜ ਸੇਵੀ ਸੰਸਥਾਵਾਂ ਇਸ ਵਿਰੁੱਧ ਸੰਘਰਸ਼ ਕਰ ਰਹੀਆਂ ਹਨ ਪਰ ਹਾਲੇ ਤੱਕ ਚਾਈਨਾ ਡੋਰ ਦੇ ਤਸਕਰਾਂ ਅਤੇ ਵਪਾਰੀਆਂ ਨੂੰ ਨਕੇਲ ਨਹੀਂ ਪਾਈ ਜਾ ਸਕੀ ,ਜੋ ਇੱਕ ਸਵਾਲ ਹੈ? ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਚਾਈਨਾ ਡੋਰ ਖ਼ਿਲਾਫ਼ ਇੱਕ ਵਿਆਪਕ ਮੁਹਿੰਮ ਵਿੱਢੀ ਜਾਵੇ ਅਤੇ ਚਾਈਨਾ ਡੋਰ ਸਮੱਗਲਰਾਂ ਅਤੇ ਵੇਚਣ ਵਾਲਿਆ ਖ਼ਿਲਾਫ਼ ਸਖਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ ਤਾਂ ਕਿ ਚਾਈਨਾ ਡੋਰ ਦੀ ਸਮੱਸਿਆ ਨੂੰ ਨੱਥ ਪਾਈ ਜਾ ਸਕੇ।
-ਰਾਮ ਸਿੰਘ ਕਲਿਆਣ
ਪਿੰਡ ਕਲਿਆਣ ਸੁੱਖਾ (ਬਠਿੰਡਾ)
ਨਵੇਂ ਵਰ੍ਹੇ ਦੀ ਸਾਫ਼ ਦਿਲੋਂ ਮੁਬਾਰਕਬਾਦ ਕਹੋ
ਸਾਲ 2025 ਖੱਟੀਆਂ-ਮਿੱਠੀਆਂ ਯਾਦਾਂ ਨਾਲ ਰੁਖ਼ਸਤ ਹੋ ਚੁੱਕਾ ਹੈ ਤੇ ਅਸੀ 2026 'ਚ ਪ੍ਰਵੇਸ਼ ਕਰ ਚੁੱਕੇ ਹਾਂ। ਨਵੇਂ ਵਰ੍ਹੇ ਦੀ ਆਮਦ 'ਤੇ ਸਾਰੇ ਸੱਜਣ ਮਿੱਤਰਾਂ, ਰਿਸ਼ਤੇਦਾਰਾਂ ਤੇ ਸਾਕ-ਸੰਬੰਧੀਆਂ ਵਲੋਂ ਵਟਸਅੱਪ ਦੁਆਰਾ ਇਕ ਦੂਜੇ ਨੂੰ ਨਵੇਂ ਵਰ੍ਹੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪਰ ਕੁਝ ਦਿਨਾਂ ਬਾਅਦ ਦਿੱਤੀਆਂ ਹੋਈਆਂ ਸ਼ੁੱਭ ਕਾਮਨਾਵਾਂ ਨੂੰ ਅਸੀਂ ਭੁੱਲ ਜਾਂਦੇ ਹਾਂ। ਫੇਰ ਸ਼ੁਰੂ ਹੋ ਜਾਂਦਾ ਹੈ ਇਕ-ਦੂਜੇ ਨਾਲ ਅਸਹਿਜ 'ਚ ਖਰਵ੍ਹਾ ਵਰਤਾਓ ਕਰਨਾ ਤੇ ਫਾਰਮੈਲਿਟੀ ਵਜੋਂ ਮਿਲਣਾ-ਜੁਲਣਾ। ਨਵੇਂ ਸਾਲ ਦੀਆਂ ਧੜਾਧੜ ਮੁਬਾਰਕਾਂ ਦਿੱਤੇ ਜਾਣ ਦੇ ਸਿਲਸਲੇ ਤੋਂ ਜਾਪਦਾ ਹੈ ਕਿ ਸ਼ੁਭਕਾਮਨਾਵਾਂ ਅੱਜ ਇਕ ਦਿਖਾਵਾ ਤੇ ਫਾਰਮੈਲਿਟੀ ਬਣ ਕੇ ਰਹਿ ਗਈਆਂ ਹਨ । ਅਸੀਂ ਅੱਜ ਮਨੋ ਸਾਫ਼ ਨਹੀਂ ਹਾਂ ਅਤੇ ਇਕ-ਦੂਜੇ ਪ੍ਰਤੀ ਸਾੜਾ ਰੱਖਦੇ ਹਾਂ ਅਤੇ ਦੂਜਿਆਂ ਦਾ ਭਲਾ ਨਹੀਂ ਚਾਹੁੰਦੇ। ਸੋ, ਲੋੜ ਦਿਲੋਂ ਸ਼ੁਭ ਕਾਮਨਾਵਾਂ ਕਹਿਣ ਦੀ, ਸਭਨਾਂ ਵਾਸਤੇ ਸੁੱਖ ਮੰਗਣ ਦੀ, ਸਭਨਾਂ ਦੀ ਸਿਹਤਯਾਬੀ ਤੇ ਲੰਮੀ ਉਮਰ ਦੀ ਕਾਮਨਾ ਕਰਨ ਦੀ ਹੈ। ਇਹੋ ਹੈ ਨਵਾਂ ਸਾਲ ਮੁਬਾਰਕ।
-ਲੈਕਚਰਾਰ ਅਜੀਤ ਖੰਨਾ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ
ਅਖ਼ਬਾਰ ਦੀ ਸੰਪਾਦਕੀ'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' 'ਤੇ ਅਧਾਰਿਤ ਪੜਨ ਨੂੰ ਮਿਲੀ, ਜਿਸ ਵਿਚ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਨਾਗਰਿਕਾਂ ਸਮੇਤ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 10 ਲੱਖ ਰੁਪਏ ਤੱਕ ਦੇ ਇਲਾਜ ਦੀ ਮੁਫ਼ਤ ਸਹੂਲਤ ਦੀ ਵਿਸਥਾਰ ਪੂਰਵਕ ਵਿਆਖਿਆ ਕੀਤੀ ਗਈ ਹੈ। ਬਿਨਾਂ ਸ਼ੱਕ ਸਰਕਾਰ ਦੇ ਇਸ ਦੇ ਇਸ ਸੁਹਿਰਦ ਅਤੇ ਮਾਨਵਤਾਵਾਦੀ ਉੱਦਮ ਦੀ ਸ਼ਲਾਘਾ ਕਰਨੀ ਬਣਦੀ ਹੈ, ਪਰ ਇਸ ਯੋਜਨਾ ਲਈ ਫੰਡਾਂ ਦੀ ਵਿਵਸਥਾ ਕਰਨੀ ਵੀ ਸਰਕਾਰ ਲਈ ਮੁਸ਼ਕਿਲ ਚੱਟਾਨ ਵਾਂਗ ਹੈ। ਸੰਪਾਦਕੀ ਵਿਚ ਇਸ ਯੋਜਨਾ 'ਤੇ ਵਿਸ਼ਾਲ ਅਨੁਭਵ ਸਾਂਝੇ ਕਰਕੇ ਸਰਕਾਰ ਨੂੰ ਭਵਿੱਖ 'ਚ ਇਸ ਸਕੀਮ ਪ੍ਰਤੀ ਚੁਣੌਤੀਆਂ ਤੋਂ ਵੀ ਸੁਚੇਤ ਕੀਤਾ ਗਿਆ। ਪ੍ਰਾਈਵੇਟ ਹਸਪਤਾਲ ਮੁਫ਼ਤ ਬੀਮਾ ਯੋਜਨਾ ਦੀ ਆੜ ਵਿਚ ਟੈਸਟਾਂ, ਆਪ੍ਰੇਸ਼ਨਾਂ ਰਾਹੀਂ ਅੰਨੀ ਲੁੱਟ ਮਚਾਉਂਦੇ ਹਨ, ਜਦਕਿ ਮਰੀਜ਼ ਅਤੇ ਵਾਰਿਸ ਇਸ ਲੁੱਟ ਤੋਂ ਬਿਲਕੁਲ ਅਣਜਾਣ ਹੁੰਦੇ ਹਨ। ਇਸ ਪ੍ਰਤੀ ਵੀ ਨਿਯਮ ਤੈਅ ਕਰਨ ਦੀ ਲੋੜ ਭਾਸਦੀ ਹੈ। ਫਿਰ ਵੀ ਸਰਕਾਰ ਦੇ ਇਸ ਸੁਹਿਰਦ ਅਤੇ ਸਾਰਥਕ ਫ਼ੈਸਲੇ ਦੀ ਸ਼ਲਾਘਾ ਕਰਨੀ ਬਣਦੀ ਹੈ।
-ਇੰਜੀ. ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।
ਕਣਕ ਤੇ ਨਦੀਨਨਾਸ਼ਕ
ਕਣਕ ਪੰਜਾਬ ਵਿਚ ਹਾੜ੍ਹੀ ਦੀ ਮੁੱਖ ਫ਼ਸਲ ਹੈ, ਇਸ ਸਮੇਂ ਕਣਕ ਦੀ ਫ਼ਸਲ ਪੂਰੇ ਫੁਟਾਰੇ ਉੱਪਰ ਹੋਣ ਕਰਕੇ ਇਸ ਫ਼ਸਲ ਵਿਚ ਨਦੀਨ ਉੱਗਣਾ ਵੀ ਕੁਦਰਤੀ ਵਰਤਾਰਾ ਹੀ ਹੈ। ਕਣਕ ਦੀ ਫ਼ਸਲ 'ਚੋਂ ਨਦੀਨਾਂ ਨੂੰ ਖ਼ਤਮ ਕਰਨ ਲਈ ਬਹੁਤੇ ਕਿਸਾਨ ਵੇਖੋ-ਵੇਖੀ ਬਹੁਤ ਜਿਆਦਾ ਨਦੀਨ ਨਾਸਕ ਜ਼ਹਿਰਾਂ ਦਾ ਇਸਤੇਮਾਲ ਕਰ ਕੇ ਕਣਕ ਦੀ ਫ਼ਸਲ 'ਚੋਂ ਨਦੀਨਾਂ ਨੂੰ ਖ਼ਤਮ ਕਰਨ ਲੱਗੇ ਹੋਏ ਹਨ, ਜਿਸ ਕਰਕੇ ਕਣਕ ਦੀ ਫ਼ਸਲ ਉੱਪਰ ਜ਼ਹਿਰਾਂ ਦਾ ਭਿਆਨਕ ਅਸਰ ਹੋਣਾ ਸੁਭਾਵਿਕ ਹੀ ਹੈ। ਜਿਸ ਦੇ ਸਿੱਟੇ ਵਜੋਂ ਜ਼ਿਆਦਾਤਰ ਲੋਕਾਂ ਦੀ ਖ਼ੁਰਾਕ ਦਾ ਹਿੱਸਾ ਕਣਕ ਹੋਣ ਕਰਕੇ ਮਨੁੱਖੀ ਸਿਹਤ ਉੱਪਰ ਇਹ ਜ਼ਹਿਰਾਂ ਬਹੁਤ ਜ਼ਿਆਦਾ ਬੁਰਾ ਅਸਰ ਪਾਉਂਦੀਆਂ ਹਨ। ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੀ ਜਹਿਰਾਂ ਦੀ ਮਾਤਰਾਂ ਮਨੁੱਖੀ ਸਰੀਰ ਵਿਚ ਦਾਖ਼ਲ ਹੋਣ ਕਰਕੇ ਹੀ ਜਨਮ ਲੈਂਦੀਆਂ ਹਨ। ਸੋ, ਸਾਨੂੰ ਸਭ ਨੂੰ ਮਿਲ ਕੇ ਕਿਸੇ ਹੋਰ ਤਰੀਕੇ ਕਣਕ ਦੀ ਫ਼ਸਲ ਵਿਚੋਂ ਨਦੀਨਾਂ ਦਾ ਨਾਸ਼ ਕਰਨਾ ਚਾਹੀਦਾ ਹੈ। ਵੱਧ ਤੋਂ ਵਧ ਜੈਵਿਕ ਖੇਤੀ ਵੱਲ ਆਉਣਾ ਹੀ ਅਜੋਕੇ ਸਮਾਜ ਦੀ ਮੁੱਖ ਮੰਗ ਹੈ। ਆਓ, ਅੱਜ ਤੋਂ ਹੀ ਸਾਰੇ ਕਿਸਾਨ ਨਿਸਚੈ ਕਰੀਏ ਤੇ ਅੱਗੇ ਤੋਂ ਨਦੀਨ ਨਾਸ਼ਕਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦੇ ਹੋਏ ਜੈਵਿਕ ਖੇਤੀ ਵੱਲ ਮੋੜਾ ਕੱਟੀਏ। ਇਸੇ ਵਿਚ ਹੀ ਮਨੁੱਖਤਾ ਅਤੇ ਕੁਦਰਤ ਦੀ ਸੱਚੀ ਸੇਵਾ ਲੁਕੀ ਹੋਈ ਹੈ।
-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)