ਨਵੀਂ ਦਿੱਲੀ, 28 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਦੇ ਭੁਵਨੇਸ਼ਵਰ ਵਿਚ ਉਤਕਰਸ਼ ਓਡੀਸ਼ਾ ਸੰਮੇਲਨ ਵਿਚ ਸ਼ਾਮਿਲ ਹੋਣਗੇ। ਉਹ ਸਵੇਰੇ 11 ਵਜੇ ਮੇਕ ਇਨ ਓਡੀਸ਼ਾ ਕਨਕਲੇਵ 2025 ਦਾ ਉਦਘਾਟਨ ਕਰਨਗੇ। ਇਹ ਗਲੋਬਲ ਨਿਵੇਸ਼ ਸੰਮੇਲਨ ਓਡੀਸ਼ਾ ਸਰਕਾਰ ਵਲੋਂ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਪੂਰਵੋਦਿਆ ਦ੍ਰਿਸ਼ਟੀਕੋਣ ਦੇ ਨਾਲ-ਨਾਲ ਓਡੀਸ਼ਾ ਨੂੰ ਭਾਰਤ ਲਈ ਇਕ ਗਲੋਬਲ ਨਿਵੇਸ਼ ਕੇਂਦਰ ਵਜੋਂ ਸਥਾਪਤ ਕਰਨਾ ਹੈ। ਪ੍ਰਧਾਨ ਮੰਤਰੀ ਮੋਦੀ ਮੇਕ ਇਨ ਓਡੀਸ਼ਾ ਪ੍ਰਦਰਸ਼ਨੀ ਦਾ ਉਦਘਾਟਨ ਵੀ ਕਰਨਗੇ, ਜੋ ਇਕ ਜੀਵੰਤ ਉਦਯੋਗਿਕ ਵਾਤਾਵਰਣ ਪ੍ਰਣਾਲੀ ਦੇ ਵਿਕਾਸ ਵਿਚ ਰਾਜ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰੇਗੀ। ਇਹ ਸੰਮੇਲਨ ਤਿੰਨ ਵਿਸ਼ਿਆਂ ਸਟਾਰਟ-ਅੱਪ ਓਡੀਸ਼ਾ, ਹੁਨਰਮੰਦ ਓਡੀਸ਼ਾ ਅਤੇ ਮਹਿਲਾ ਉੱਦਮਤਾ ’ਤੇ ਆਧਾਰਿਤ ਹੋਵੇਗਾ। ਇਹ ਸੰਮੇਲਨ ਭੁਵਨੇਸ਼ਵਰ ਦੇ ਜਨਤਾ ਮੈਦਾਨ ਤੋਂ ਸ਼ੁਰੂ ਹੋਵੇਗਾ। ਇਸ ਵਿਚ ਆਸਟ੍ਰੇਲੀਆ, ਜਾਪਾਨ, ਇਟਲੀ, ਮਿਸਰ, ਵੈਨੇਜ਼ੁਏਲਾ, ਕਜ਼ਾਕਿਸਤਾਨ, ਬੇਲਾਰੂਸ, ਮਲੇਸ਼ੀਆ ਅਤੇ ਯੂ.ਕੇ. ਸਮੇਤ 15 ਦੇਸ਼ਾਂ ਦੇ ਡਿਪਲੋਮੈਟ ਵੀ ਹਿੱਸਾ ਲੈ ਰਹੇ ਹਨ।