ਜਲੰਧਰ, 29 ਜਨਵਰੀ-ਜਲੰਧਰ ਦਿਹਾਤੀ ਖੇਤਰ ਦੇ ਸ਼ਾਹਕੋਟ ਥਾਣੇ ਦੀ ਪੁਲਿਸ ਨੇ ਇਕ ਵਿਆਹ ਵਾਲੇ ਘਰ ਵਿਚੋਂ ਚੋਰੀ ਕਰਕੇ ਭੱਜੇ 2 ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ 17 ਤੋਲੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਪ੍ਰਿੰਸ ਪ੍ਰਦੀਪ ਵਜੋਂ ਹੋਈ ਹੈ ਜੋ ਕਿ ਪਿੰਡ ਕਬੀਰਪੁਰ, ਕਪੂਰਥਲਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀ.ਐਸ.ਪੀ. ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਾਹਕੋਟ ਥਾਣੇ ਦੇ ਇੰਚਾਰਜ ਇੰਸਪੈਕਟਰ ਜੈਪਾਲ ਸਿੰਘ ਨੂੰ ਪਿੰਡ ਕੁਤਬੀਵਾਲ ਦੇ ਵਸਨੀਕ ਨਵਦੀਪ ਸਿੰਘ ਤੋਂ ਸ਼ਿਕਾਇਤ ਮਿਲੀ ਸੀ ਕਿ ਉਸਦੇ ਚਾਚੇ ਦੇ ਪੁੱਤਰ ਦਾ ਵਿਆਹ ਹੈ ਅਤੇ ਪਰਿਵਾਰ ਅਨੰਦ ਕਾਰਜ ਸਮਾਰੋਹ ਲਈ ਗੁਰਦੁਆਰਾ ਸਾਹਿਬ ਗਿਆ ਹੋਇਆ ਹੈ। ਉਸਦਾ ਇਕ ਭਰਾ ਹੈਂਡੀਕੈਪ ਹੈ, ਜਦੋਂ ਉਹ ਉਸਨੂੰ ਮਿਲਣ ਉਸਦੇ ਘਰ ਗਿਆ ਤਾਂ ਦੋ ਨੌਜਵਾਨ ਘਰੋਂ ਬਾਹਰ ਆਏ ਅਤੇ ਉਸਨੂੰ ਧੱਕਾ ਦੇ ਕੇ ਬਿਨਾਂ ਨੰਬਰ ਪਲੇਟ ਵਾਲੀ ਬਾਈਕ 'ਤੇ ਭੱਜ ਗਏ। ਜਦੋਂ ਉਹ ਕਮਰੇ ਵਿਚ ਗਿਆ ਤਾਂ ਉਸਨੇ ਦੇਖਿਆ ਕਿ ਚੋਰਾਂ ਨੇ ਅਲਮਾਰੀ ਦਾ ਤਾਲਾ ਤੋੜ ਕੇ ਲਗਭਗ 17 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਸਨ, ਜਿਸ ਤੋਂ ਬਾਅਦ ਉਸਦੀ ਟੀਮ ਨੇ ਚੋਰਾਂ ਖਿਲਾਫ ਮਾਮਲਾ ਦਰਜ ਕੀਤਾ ਅਤੇ ਜਾਂਚ ਦੌਰਾਨ ਦੋਵਾਂ ਨੂੰ ਗ੍ਰਿਫਤਾਰ ਕਰਕੇ ਲਗਭਗ 17 ਤੋਲੇ ਸੋਨੇ ਦੇ ਗਹਿਣੇ ਬਰਾਮਦ ਕੀਤੇ। ਪੁਲਿਸ ਨੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈ ਲਿਆ ਹੈ। ਰਿਮਾਂਡ ਦੌਰਾਨ, ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਨੇ ਪਹਿਲਾਂ ਕਿੱਥੇ-ਕਿੱਥੇ ਹੋਰ ਚੋਰੀਆਂ ਕੀਤੀਆਂ ਹਨ।