ਲੁਧਿਆਣਾ , 29 ਜਨਵਰੀ (ਪਰਮਿੰਦਰ ਸਿੰਘ ਆਹੂਜਾ ) - ਸਥਾਨਕ ਫਿਰੋਜ਼ਪੁਰ ਰੋਡ 'ਤੇ ਸਥਿਤ ਗਰੈਂਡ ਵਾਕ ਮਾਲ ਦੇ ਬਾਹਰ ਅੱਜ ਰਾਤ ਕਾਰਾਂ ਦੀ ਹੋਈ ਟੱਕਰ ਵਿਚ ਅੱਧੀ ਦਰਜਨ ਤੋਂ ਵੱਧ ਕਾਰਾਂ ਨੁਕਸਾਨੀਆਂ ਗਈਆਂ ਹਨ , ਜਿਨਾਂ ਵਿਚ ਦੋ ਥਾਰ, ਇਕ ਫਾਰਚੂਨਰ ਅ, ਇਕ ਜੈਟਾ ਅਤੇ ਇਕ ਆਈ20 ਕਾਰ ਸ਼ਾਮਿਲ ਹੈ। ਜਾਣਕਾਰੀ ਅਨੁਸਾਰ ਘਟਨਾ ਅੱਜ ਰਾਤ ਉਸ ਵਕਤ ਵਾਪਰੀ ਜਦੋਂ ਇਕ ਜੈਟਾ ਕਾਰ ਬੇਕਾਬੂ ਹੋ ਗਈ ਅਤੇ ਉਹ ਸੜਕ 'ਤੇ ਜਾ ਰਹੀ ਆਈ20 ਕਾਰ ਨਾਲ ਟਕਰਾ ਗਈ। ਇਹ ਕਾਰ ਡਿਵਾਈਡਰ ਟੱਪ ਕੇ ਦੂਸਰੇ ਪਾਸੇ ਆ ਗਈ ਜਿੱਥੇ ਕਿ ਬੇਕਾਬੂ ਹੋਈ ਕਾਰ ਨੇ ਸੜਕ 'ਤੇ ਮਾਲ ਦੇ ਬਾਹਰ ਖੜੀਆਂ ਕਾਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸੇ ਤੋਂ ਬਾਅਦ ਦੋਸ਼ੀ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਸਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿਚ ਦੋ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ।