JALANDHAR WEATHER

29-01-2025

 ਜਾਨਲੇਵਾ ਹੋਈ ਚਾਈਨਾ ਡੋਰ

ਬੱਚੇ ਬਸੰਤ ਪੰਚਮੀ ਤੋਂ ਪਹਿਲਾਂ ਹੀ ਪਤੰਗ ਉਡਾਉਣ ਲੱਗ ਜਾਂਦੇ ਹਨ। ਪਤੰਗ ਉਡਾਉਂਦੇ ਸਮੇਂ ਵਾਪਰ ਰਹੀਆਂ ਖ਼ਤਰਨਾਕ ਘਟਨਾਵਾਂ ਰੋਜ਼ਾਨਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਰਾਹਗੀਰਾਂ ਦੀਆਂ ਗਰਦਨਾਂ, ਮੂੰਹ 'ਚ ਖ਼ਤਰਨਾਕ ਚਾਇਨਾ ਡੋਰ ਨਾਲ ਜ਼ਖਮੀ ਹੋਣ ਦੀਆਂ ਖਬਰਾਂ ਮਿਲਦੀਆਂ ਹਨ। ਤਾਜ਼ਾ ਦਰਦਨਾਇਕ ਘਟਨਾ ਆਦਮਪੁਰ ਦੇ ਦਿਹਾੜੀਦਾਰ ਮਜ਼ਦੂਰ ਦੀ ਹੈ, ਜੋ ਰਸਤੇ 'ਚ ਚਾਈਨਾ ਡੋਰ ਦੀ ਲਪੇਟ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਭਾਵੇਂ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਲਈ ਲਿਜਾਇਆ ਗਿਆ ਪਰ ਉਸ ਦੀ ਤਿੰਨ ਦਿਨਾਂ ਬਾਅਦ ਮੌਤ ਹੋ ਗਈ।
ਪਰਿਵਾਰ ਨੇ ਕਮਾਊ ਮੈਂਬਰ ਗੁਆ ਲਿਆ। ਕੀ ਸਰਕਾਰ ਇਨ੍ਹਾਂ ਘਟਨਾਵਾਂ ਤੋਂ ਅਣਜਾਣੇ ਇਹ ਸਾਰਾ ਕੁਝ ਚਾਈਨਾ ਡੋਰ ਦੇ ਵੇਚਣ 'ਤੇ ਪਾਬੰਦੀ ਹੋਣ ਦੇ ਬਾਵਜੂਦ ਹਰੇਕ ਸਾਲ ਵਾਪਰ ਰਿਹਾ ਹੈ। ਇਸ ਡੋਰ ਨਾਲ ਪੰਛੀਆਂ ਅਤੇ ਮਨੁੱਖਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਵਾਲੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸੇ ਕਾਰਨ ਪ੍ਰਸ਼ਾਸ਼ਨ ਨੇ ਚਾਈਨਾ ਡੋਰ ਰੱਖਣ, ਵੇਚਣ, ਸਟੋਰ ਕਰਨ 'ਤੇ ਪਾਬੰਦੀ ਤਾਂ ਜਰੂਰ ਲਾਈ ਹੋਈ ਹੈ, ਭਾਵੇਂ ਦਿਖਾਵੇ ਲਈ ਕਿਤੇ-ਕਿਤੇ ਮਾੜੀ ਮੋਟੀ ਪਾਬੰਦੀਸ਼ੁਦਾ ਡੋਰ ਨੂੰ ਫੜਨ ਦੀ ਕਾਰਵਾਈ ਕਰ ਦਿੱਤੀ ਜਾਂਦੀ ਹੈ, ਪਰ ਪੂਰਨ ਪਾਬੰਦੀ ਕਿਉਂ ਨਹੀਂ ਲੱਗ ਰਹੀ ਇਸ ਪਿੱਛੇ ਕੀ ਕਾਰਨ ਹੈ।
ਪਤੰਗ ਉਡਾਉਂਦੇ ਸਮੇਂ ਮਕਾਨਾਂ ਦੀਆਂ ਛੱਤਾਂ 'ਤੋਂ ਡਿੱਗ ਕੇ ਮੌਤਾਂ ਹੋਣ ਦੀਆਂ ਘਟਨਾਵਾਂ ਕਈ ਵਾਰ ਹੁੰਦੀਆਂ ਰਹਿੰਦੀਆਂ ਹਨ। ਪਟਿਆਲਾ ਵਿਚ ਚੜ੍ਹਦੇ ਸਾਲ ਹੀ ਇਕ ਬੱਚਾ ਪਤੰਗ ਉਡਾਉਂਦਾ ਛੱਤ ਤੋਂ ਡਿੱਗ ਕੇ ਸਾਹਾਂ ਦੀ ਡੋਰ ਪੂਰੀ ਕਰ ਗਿਆ।

-ਮੇਜਰ ਸਿੰਘ ਨਾਭਾ

ਲੋਕਾਂ 'ਚ ਵਧ ਰਿਹਾ ਲੋਕ ਦਿਖਾਵਾ

ਦੇਸ਼ ਵਿਚ ਅੱਜ ਮਹਿੰਗਾਈ ਦਾ ਬੋਲਬਾਲਾ ਹੈ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਹਿੰਗਾਈ ਦਾ ਗ੍ਰਾਫ਼ ਹਰ ਸਾਲ ਵਧਦਾ ਹੀ ਜਾ ਰਿਹਾ ਹੈ। ਹਰ ਪਾਸੇ ਮਹਿੰਗਾਈ ਦਾ ਹੀ ਰੋਣਾ ਹੈ। ਵਧ ਰਹੀ ਮਹਿੰਗਾਈ ਅਤੇ ਘਟ ਰਹੀ ਆਮਦਨ ਕਾਰਨ ਲੋਕਾਂ ਨੂੰ ਆਪਣੀਆਂ ਘਰੇਲੂ ਲੋੜਾਂ ਦੀ ਪੂਰਤੀ ਕਰਨ ਵਿਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰਾਂ ਤਾਂ ਦੋਸ਼ੀ ਹਨ ਹੀ ਪਰ ਦੂਜੇ ਪਾਸੇ ਲੋਕਾਂ ਵਲੋਂ ਲੋਕ ਦਿਖਾਵੇ ਦੇ ਚੱਕਰਾਂ ਵਿਚ ਕੀਤੇ ਜਾਂਦੇ ਬੇਤਹਾਸ਼ੇ ਖ਼ਰਚ ਵੀ ਹੈਰਾਨ ਕਰਨ ਵਾਲੇ ਹਨ। ਲੋਕਾਂ ਨੇ ਆਪਣੀ ਜ਼ਿੰਦਗੀ ਵਿਚੋਂ ਸਾਦਾਪਣ ਖ਼ਤਮ ਕਰਕੇ ਬੇਹੱਦ ਦਿਖਾਵੇ ਵਾਲਾ ਜੀਵਣ ਜਿਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਅਨੇਕਾਂ ਲੋਕਾਂ ਵਲੋਂ ਆਪਣੇ ਕਿਸੇ ਧੀ-ਪੁੱਤਰ ਦੀ ਵਿਆਹ-ਸ਼ਾਦੀ ਕਰਨ ਸਮੇਂ ਆਪਣੇ ਸਾਕ-ਸੰਬੰਧੀਆਂ, ਦੋਸਤਾਂ-ਮਿੱਤਰਾਂ ਨੂੰ ਵਿਆਹ ਦੇ ਸੱਦਾ ਪੱਤਰ ਦੇਣ ਸਮੇਂ ਮਹਿੰਗਾ ਕਾਰਡਾਂ ਨਾਲ ਡਰਾਈ-ਫਰੂਟ ਦੇ ਡੱਬੇ ਤੱਕ ਵੰਡੇ ਜਾਂਦੇ ਹਨ।
ਵਿਆਹ ਵਾਲੇ ਦਿਨ ਆਲੀਸ਼ਾਨ ਮੈਰਿਜ ਪੈਲਿਸਾਂ ਵਿਚ ਮਹਿੰਗੇ ਬ੍ਰਾਂਡ ਦੀਆਂ ਸ਼ਰਾਬਾਂ, ਮੀਟ ਅਤੇ ਅਣਗਿਣਤ ਪ੍ਰਕਾਰ ਦੀਆਂ ਸਟਾਲਾਂ ਲਗਾ ਕੇ 3-4 ਘੰਟਿਆਂ ਵਿਚ ਹੀ ਆਪਣੀ ਕਈ ਸਾਲਾਂ ਦੀ ਕਮਾਈ ਨੂੰ ਪਾਣੀ ਵਾਂਗ ਰੋੜ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਗਮੀ ਸਮਾਗਮਾਂ ਸਮੇਂ ਮਰਨ ਵਾਲੇ ਨੂੰ ਵੱਡਾ ਕਰਨ ਦੇ ਚੱਕਰ ਵਿਚ ਅਨੇਕਾਂ ਲੋਕਾਂ ਵਲੋਂ ਜਿਥੇ ਇਲਾਕੇ ਦੇ ਵੱਡੇ-ਵੱਡੇ ਰਾਜਨੀਤਕ ਲੋਕਾਂ ਤੋਂ ਸ਼ਰਧਾਂਜਲੀਆਂ ਦਿਵਾਈਆਂ ਜਾਂਦੀਆਂ ਹਨ, ਉਥੇ ਆਏ ਹੋਏ ਲੋਕਾਂ ਦੇ ਖਾਣ ਲਈ ਅਨੇਕਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਖ਼ੂਬ ਲੋਕ ਦਿਖਾਵਾ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਸ਼ਹਿਰਾਂ ਦੇ ਸਕੂਲਾਂ/ਕਾਲਜਾਂ ਵਿਚ ਪੜ੍ਹਦੀ ਅਜੋਕੀ ਨੌਜਵਾਨ ਪੀੜ੍ਹੀ ਵਲੋਂ ਦਿਖਾਵੇ ਦੇ ਚੱਕਰਾਂ ਵਿਚ ਲਿਖੇ ਬੇਹੱਦ ਮਹਿੰਗੇ ਬ੍ਰਾਂਡ ਦੇ ਕੱਪੜੇ ਪਾਉਂਦੇ ਹਨ। ਬੱਸਾਂ ਆਦਿ ਦੇ ਸਫ਼ਰ ਨੂੰ ਛੱਡ ਕੇ ਆਪਣੇ ਮੋਟਰਸਾਈਕਲਾਂ ਦੀ ਸਵਾਰੀ ਨੂੰ ਤਰਜੀਹ ਦਿੰਦੇ ਹਨ। ਲੋਕ ਆਪਣੇ ਨੇੜੇ ਤੋਂ ਨੇੜੇ ਦੇ ਕੰਮਾਂ ਲਈ ਵੀ ਮੋਟਰਸਾਈਕਲ ਹੀ ਵਰਤਦੇ ਹਨ। ਇਸੇ ਤਰ੍ਹਾਂ ਜੇਕਰ ਹੁਣ ਮੋਬਾਈਲ ਦੀ ਗੱਲ ਕਰੀਏ ਤਾਂ ਅੱਜ ਹਰ ਕੋਈ ਇਸ ਲਈ ਸ਼ੁਦਾਈ ਹੋਇਆ ਪਿਆ ਹੈ।
ਮੁੱਕਦੀ ਗੱਲ ਜਿਥੇ ਸਾਨੂੰ ਸਭ ਨੂੰ ਮਿਲ ਕੇ ਸਰਕਾਰਾਂ ਦੀਆਂ ਗਲਤ ਨੀਤੀ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਉਥੇ ਲੋਕ ਦਿਖਾਵੇ ਨੂੰ ਛੱਡਣਾ ਚਾਹੀਦਾ ਹੈ। ਕਿਉਂਕਿ ਅਮੀਰਾਂ ਲਈ ਜਿਥੇ ਇਹ ਸਭ ਕੁਝ ਕਰਨਾ ਸੌਖਾ ਹੈ, ਉਥੇ ਮਾੜੇ ਲਈ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ।

-ਰਾਜਾ ਗਿੱਲ ਚੜਿੱਕ
ਪਿੰਡ ਤੇ ਡਾਕ. ਚੜਿੱਕ (ਮੋਗਾ)

ਕਿਉਂ ਹੋ ਰਹੀ ਲੱਡੂਆਂ ਦੀ ਬੇਕਦਰੀ

ਕੋਈ ਸਮਾਂ ਸੀ ਜਦੋਂ ਲੱਡੂ ਵੇਖ ਕੇ ਹਰੇਕ ਦਾ ਮਨ ਇਸ ਨੂੰ ਖਾਣ ਲਈ ਕਰਦਾ ਸੀ। ਹਰੇਕ ਖ਼ੁਸ਼ੀ ਦੇ ਮੌਕੇ ਲੱਡੂਆਂ ਦੀ ਸਰਦਾਰੀ ਹੁੰਦੀ ਸੀ। ਵਿਆਹ ਮੌਕੇ, ਬੱਚੇ ਦੇ ਜਨਮ 'ਤੇ, ਕਿਸੇ ਵੀ ਉਦਘਾਟਨ, ਨੌਕਰੀ ਮਿਲਣ ਸਮੇਂ, ਤਰੱਕੀ ਹੋਣ ਵੇਲੇ, ਕਾਰ ਲਿਆਉਣ, ਨਵਾਂ ਮਕਾਨ ਬਣਨ ਸਮੇਂ ਅਤੇ ਕਿਸੇ ਵੀ ਹੋਰ ਸ਼ੁੱਭ ਮੌਕੇ 'ਤੇ ਲੱਡੂ ਪਿਆਰ ਨਾਲ ਬਣਾਏ ਅਤੇ ਵੰਡੇ ਜਾਂਦੇ ਸਨ।
ਹੁਣ ਸਮਾਂ ਬਦਲ ਗਿਆ ਹੈ ਤੇ ਹਰੇਕ ਬੰਦਾ ਲੱਡੂਆਂ ਤੋਂ ਲੁਕਦਾ ਫਿਰਦਾ ਹੈ। ਕਿਸੇ ਵੀ ਸਮਾਗਮ ਤੋਂ ਪਰਤਣ ਸਮੇਂ ਲੱਡੂਆਂ ਦਾ ਡੱਬਾ ਮਿਲ ਜਾਵੇ ਤਾਂ ਇਸ ਦੀ ਬੇਕਦਰੀ ਸ਼ੁਰੂ ਹੋ ਜਾਂਦੀ ਹੈ। ਪਤਾ ਨਹੀਂ ਕੀ ਕਾਰਨ ਹੈ ਕਿ ਲੱਡੂਆਂ ਦੀ ਇੰਨੀ ਬੇਕਦਰੀ ਹੋਣ ਲੱਗੀ ਹੈ। ਹੋ ਸਕਦਾ ਹੈ ਪਹਿਲਾਂ ਵਰਗੇ ਬਿਨਾਂ ਮਿਲਾਵਟ ਵਾਲੇ ਲੱਡੂ ਹੀ ਨਹੀਂ ਬਣਦੇ ਜਾਂ ਫਿਰ ਲੋਕ ਹੀ ਮਠਿਆਈਆਂ ਤੋਂ ਅੱਕ ਗਏ ਹਨ। ਜਿਹੜੇ ਲੱਡੂਆ ਵਲ ਨੂੰ ਮੂੰਹ ਵੀ ਨਹੀਂ ਕਰਦੇ।

-ਗੁਰਚਰਨ ਸਿੰਘ
ਪਿੰਡ ਮਜਾਰਾ, ਸ਼ਹੀਦ ਭਗਤ ਸਿੰਘ ਨਗਰ।

ਦਾਜ, ਸਮਾਜ ਅਤੇ ਸਰਕਾਰ

ਅਜੋਕੇ ਸਮੇਂ ਸਮਾਜ ਅੰਦਰ ਪਾਈਆਂ ਜਾਂਦੀਆਂ ਅਨੇਕਾਂ ਬੁਰਾਈਆਂ/ਕੁਰੀਤੀਆਂ ਵਿਚ ਦਾਜ ਵੀ ਇਕ ਵੱਡੀ ਬੁਰਾਈ ਹੈ। ਇਸ ਸਮਾਜਿਕ ਬੁਰਾਈ ਨੇ ਸਮਾਜ 'ਤੇ ਬੜਾ ਮਾੜਾ ਪ੍ਰਭਾਵ ਪਾਇਆ ਹੈ।
ਪੁਰਾਣੇ ਸਮੇਂ ਵਿਚ ਵੀ ਲੋਕ ਧੀਆਂ ਨੂੰ ਸਹੁਰੇ ਘਰ ਤੋਰਨ ਸਮੇਂ ਦਾਜ ਤੋਹਫ਼ਿਆਂ ਦੇ ਰੂਪ ਵਿਚ ਲੋੜੀਂਦੀਆਂ ਵਸਤਾਂ/ਸਾਮਾਨ ਆਪਣੀ ਹੈਸੀਅਤ ਮੁਤਾਬਕ ਆਪਣੀ ਖ਼ੁਸ਼ੀ ਨਾਲ ਦਿੰਦੇ ਸਨ। ਪਰ ਅੱਜਕੱਲ੍ਹ ਲੜਕੇ ਪਰਿਵਾਰ ਵਲੋਂ ਲੜਕੀ ਪਰਿਵਾਰ ਕੋਲੋਂ ਦਾਜ ਮੰਗ ਕੇ ਅਤੇ ਮਜਬੂਰ ਕਰਕੇ ਲਿਆ ਜਾਂਦਾ ਹੈ। ਸਹੁਰੇ ਪਰਿਵਾਰ ਦੀ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਕਈ ਵਾਰ ਲੜਕੀ ਦਾ ਰਿਸ਼ਤਾ ਤੱਕ ਟੁੱਟ ਜਾਂਦਾ ਹੈ। ਦਾਜ ਦੇ ਲੋਭੀ ਵਿਆਹ ਤੋਂ ਬਾਅਦ ਵੀ ਲੜਕੀ ਨੂੰ ਦਾਜ ਲਈ ਨਜ਼ਾਇਜ਼ ਤੰਗ ਤੇ ਪ੍ਰੇਸ਼ਾਨ ਕਰਨ ਤੋਂ ਗੁਰੇਜ ਨਹੀਂ ਕਰਦੇ। ਕਈ ਵਾਰ ਤਾਂ ਦਾਜ ਦੀ ਮੰਗ ਪੂਰੀ ਨਾ ਹੋਣ ਤੇ ਲੜਕੀ ਨੂੰ ਜਾਨੋਂ ਹੀ ਮਾਰ ਦਿੱਤਾ ਜਾਂਦਾ ਹੈ ਜਾਂ ਫਿਰ ਉਸ ਨੂੰ ਅੰਤਾਂ ਦਾ ਤੰਗ ਕਰਕੇ ਮਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਇਹ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਦਾਜ ਦੇ ਲੋਭੀਆਂ ਨੂੰ ਇਹ ਸੋਚਣਾ/ਵਿਚਾਰਨਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਦੀ ਧੀ ਨਾਲ ਕੋਈ ਅਜਿਹਾ ਘਟੀਆ ਵਰਤਾਓ ਕਰਦਿਆਂ ਦਾਜ ਲਈ ਤੰਗ ਅਤੇ ਪ੍ਰੇਸ਼ਾਨ ਕਰੇ ਜਾਂ ਫਿਰ ਜਾਨੋਂ ਮਾਰ ਦੇਵੇ ਤਾਂ ਉਨ੍ਹਾਂ ਦੇ ਦਿਲ 'ਤੇ ਕੀ ਬੀਤੇਗੀ? ਸੋ, ਸਰਕਾਰ ਅਤੇ ਸਮਾਜ ਦੇ ਜਾਗਰੂਕ ਲੋਕਾਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।