ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਮਰਜ਼ ਕਰਵਾਉਣ ਤੇ ਅਧੂਰਾ ਡੀ. ਏ. ਦੇਣ ਲਈ ਕਾਪੀਆਂ ਸਾੜੀਆਂ
ਕੋਟਫ਼ਤੂਹੀ (ਹੁਸ਼ਿਆਰਪੁਰ), 22 ਜਨਵਰੀ (ਅਵਤਾਰ ਸਿੰਘ ਅਟਵਾਲ)-ਗੌਰਮਿੰਟ ਟੀਚਰਜ਼ ਯੂਨੀਅਨ, ਕੰਪਿਊਟਰ ਅਧਿਆਪਕ ਯੂਨੀਅਨ ਤੇ ਕੋਟਫ਼ਤੂਹੀ ਬਲਾਕ ਦੇ ਅਧਿਆਪਕਾਂ ਵਲੋਂ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਵਿੱਤ ਸਕੱਤਰ ਹਰਮਨੋਜ ਕੁਮਾਰ ਅਤੇ ਕੰਪਿਊਟਰ ਅਧਿਆਪਕਾ ਅਮਨਜੀਤ ਕੌਰ ਅਤੇ ਦੀਪਕ ਕੁਮਾਰ ਦੀ ਅਗਵਾਈ ਵਿਚ ਪਿੰਡ ਅਜਨੋਹਾ ਵਿਖੇ ਸਰਕਾਰ ਵਲੋਂ ਕੰਪਿਊਟਰ ਅਧਿਆਪਕਾਂ ਦੀ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਅਤੇ 65 ਪ੍ਰਤੀਸ਼ਤ ਅਧੂਰਾ ਨੋਟੀਫ਼ਿਕੇਸ਼ਨ ਜਾਰੀ ਕਰਨ ਉਤੇ ਕਾਪੀਆਂ ਸਾੜ ਕੇ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਿਰ ਕੀਤਾ ਗਿਆ। ਅਧਿਆਪਕ ਆਗੂਆਂ ਵਲੋਂ ਕਿਹਾ ਗਿਆ ਕਿ ਅਧਿਆਪਕ ਮਸਲਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਅਤੇ ਅਧਿਆਪਕ ਮਜਬੂਰੀਵੱਸ ਭੁੱਖ-ਹੜਤਾਲ ਅਤੇ ਮਰਨ ਵਰਤ ਰੱਖਣ ਲਈ ਮਜਬੂਰ ਹਨ। ਉਨ੍ਹਾਂ ਮੰਗ ਕੀਤੀ ਕਿ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਬਿਨਾਂ ਸ਼ਰਤ ਰੈਗੂਲਰ ਕਰਨ, ਅਧੂਰੇ ਡੀ. ਏ. ਦਾ ਬਕਾਇਆ ਜਾਰੀ ਕਰਨ, ਏ. ਸੀ. ਪੀ. ਅਤੇ ਕੱਟੇ 37 ਭੱਤੇ ਅਤੇ ਹੋਰ ਚਿਰਾਂ ਤੋਂ ਲਟਕਦੀਆਂ ਮੰਗਾਂ ਪਹਿਲ ਦੇ ਆਧਾਰ ਉਤੇ ਹੱਲ ਕੀਤੀਆਂ ਜਾਣ।