ਦੇਸ਼ ਦਾ ਅਗਲਾ ਬਜਟ ਹੋਵੇ ਮੱਧ ਵਰਗ ਨੂੰ ਸਮਰਪਿਤ- ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ, 22 ਜਨਵਰੀ- ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਦੇਸ਼ ਦਾ ਅਗਲਾ ਬਜਟ ਮੱਧ ਵਰਗ ਨੂੰ ਸਮਰਪਿਤ ਹੋਵੇ। ਅੱਜ, ਮੈਂ ਕੇਂਦਰ ਸਰਕਾਰ ਤੋਂ 7 ਮੰਗਾਂ ਕਰ ਰਿਹਾ ਹਾਂ। ਪਹਿਲੀ, ਸਿੱਖਿਆ ਬਜਟ 2% ਤੋਂ ਵਧਾ ਕੇ 10% ਕੀਤਾ ਜਾਵੇ। ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਸੀਮਤ ਕੀਤਾ ਜਾਵੇ। ਦੂਜਾ, ਉੱਚ ਸਿੱਖਿਆ ਲਈ ਸਬਸਿਡੀਆਂ ਅਤੇ ਸਕਾਲਰਸ਼ਿਪ ਦਿੱਤੀਆਂ ਜਾਣ। ਤੀਜਾ, ਸਿਹਤ ਬਜਟ 10% ਕੀਤਾ ਜਾਵੇ ਤੇ ਸਿਹਤ ਬੀਮੇ ਤੋਂ ਟੈਕਸ ਹਟਾਇਆ ਜਾਵੇ। ਚੌਥਾ, ਆਮਦਨ ਕਰ ਛੋਟ ਸੀਮਾ 7 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਜਾਵੇ। ਪੰਜਵਾਂ, ਜ਼ਰੂਰੀ ਵਸਤੂਆਂ ਤੋਂ ਜੀ.ਐਸ.ਟੀ. ਹਟਾਇਆ ਜਾਵੇ। ਛੇਵਾਂ, ਸੀਨੀਅਰ ਨਾਗਰਿਕਾਂ ਲਈ ਇਕ ਮਜ਼ਬੂਤ ਰਿਟਾਇਰਮੈਂਟ ਯੋਜਨਾ ਅਤੇ ਪੈਨਸ਼ਨ ਸਕੀਮਾਂ ਲਾਗੂ ਕੀਤੀਆਂ ਜਾਣ ਤੇ ਦੇਸ਼ ਭਰ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਸੀਨੀਅਰ ਨਾਗਰਿਕਾਂ ਲਈ ਮੁਫ਼ਤ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਸੱਤਵਾਂ, ਸੀਨੀਅਰ ਨਾਗਰਿਕਾਂ ਨੂੰ ਰੇਲ ਯਾਤਰਾ ਵਿਚ 50% ਰਿਆਇਤ ਮਿਲਣੀ ਚਾਹੀਦੀ ਹੈ।