ਨਗਰ ਨਿਗਮ ਦੇ ਪਲਾਂਟ ਨੇੜੇ ਨਜਾਇਜ਼ ਕਬਜ਼ਿਆਂ ’ਤੇ ਚੱਲਿਆ ਪੀਲਾ ਪੰਜਾ
ਕਪੂਰਥਲਾ, 22 ਜਨਵਰੀ (ਅਮਨਜੋਤ ਸਿੰਘ ਵਾਲੀਆ)- ਵੱਡੀ ਕਾਰਵਾਈ ਕਰਦਿਆਂ ਨਗਰ ਨਿਗਮ ਕਪੂਰਥਲਾ ਨੇ ਟ੍ਰੀਟਮੈਂਟ ਪਲਾਂਟ ਨੇੜੇ ਵੱਡੀ ਗਿਣਤੀ ਵਿਚ ਪਿਛਲੇ ਲੰਬੇ ਸਮੇਂ ਤੋਂ ਝੁੱਗੀਆਂ ਬਣਾ ਕੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ 50 ਦੇ ਕਰੀਬ ਝੁੱਗੀਆਂ ਨੂੰ ਅੱਜ ਢਾਹ ਦਿੱਤਾ ਗਿਆ। ਇਸ ਕਾਰਵਾਈ ਦੌਰਾਨ ਤਹਿਸੀਲਦਾਰ ਵਰਿੰਦਰ ਭਾਟੀਆ, ਨਿਗਮ ਦੇ ਸੈਕਟਰੀ ਸੁਸ਼ਾਂਤ ਭਾਟੀਆ, ਇੰਸਪੈਕਟਰ ਭਜਨ ਸਿੰਘ, ਥਾਣਾ ਸਿਟੀ ਦੇ ਐਸ.ਐਚ.ਓ. ਬਿਕਰਮਜੀਤ ਸਿੰਘ, ਪੀ.ਸੀ.ਆਰ. ਇੰਚਾਰਜ ਚਰਨਜੀਤ ਸਿੰਘ, ਟਰੈਫਿਕ ਇੰਚਾਰਜ ਦਰਸ਼ਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਤੇ ਮਹਿਲਾ ਪੁਲਿਸ ਤਾਇਨਾਤ ਸਨ। ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਥਾਂ ਇਕ ਵਿਅਕਤੀ ਤੋਂ ਕਥਿਤ ਤੌਰ ’ਤੇ 30 ਹਜ਼ਾਰ ਰੁਪਏ ਦੇ ਮੁੱਲ ਦੇ ਹਿਸਾਬ ਨਾਲ ਲਈ ਸੀ, ਜਿਸ ਨੇ ਇਹ ਕਿਹਾ ਕਿ ਇਹ ਥਾਂ ਬਾਅਦ ਵਿਚ ਤੁਹਾਨੂੰ ਰਜਿਸਟਰੀਆਂ ਕਰਵਾ ਕੇ ਦਿੱਤੀਆਂ ਜਾਣਗੀਆਂ। ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਅਚਾਨਕ ਉਨ੍ਹਾਂ ਦੀਆਂ ਝੁੱਗੀਆਂ ਢਾਹ ਦਿੱਤੀਆਂ ਗਈਆਂ ਹਨ। ਖ਼ਬਰ ਲਿਖੇ ਜਾਣ ਤੱਕ ਕਾਰਵਾਈ ਜਾਰੀ ਸੀ।