JALANDHAR WEATHER

ਸ਼ਰਾਬ ਕਾਰੋਬਾਰੀ ਅਤੇ ਉਦਯੋਗਪਤੀ ਪੱਪੂ ਜੈਂਤੀਪੁਰ ਦੇ ਘਰ ਗ੍ਰਨੇਡ ਹਮਲਾ,ਵਾਰਦਾਤ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ

ਅੰਮ੍ਰਿਤਸਰ/ਜੈਂਤੀਪੁਰ, 15 ਜਨਵਰੀ (ਰੇਸ਼ਮ ਸਿੰਘ, ਭੁਪਿੰਦਰ ਸਿੰਘ ਗਿੱਲ)-ਸ਼ਰਾਬ ਕਾਰੋਬਾਰੀ ਅਤੇ ਉਦਯੋਗਪਤੀ ਸਵ: ਪੱਪੂ ਜੈਂਤੀਪੁਰ ਦੇ ਘਰ ਦੇਰ ਸ਼ਾਮ ਅਣਪਛਾਤੇ ਵਿਅਕਤੀਆਂ ਵਲੋਂ ਗ੍ਰਨੇਡ ਹਮਲਾ ਕੀਤਾ ਗਿਆ । ਹਾਲਾਂਕਿ ਇਸ ਹਮਲੇ ਸਮੇਂ ਸਾਰਾ ਪਰਿਵਾਰ ਘਰ ਵਿਚ ਸੀ, ਪਰ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ। ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਅੰਮ੍ਰਿਤਸਰ ਸ਼ਹਿਰ 'ਚ ਇਕ ਹੋਰ ਕਾਰੋਬਾਰੀ ਦੇ ਘਰ ਪੈਟਰੋਲ ਬੰਬ ਨਾਲ ਹਮਲਾ ਹੋਇਆ ਸੀ। ਇਸ ਹਮਲੇ ਸੰਬੰਧੀ ਸੋਸ਼ਲ ਮੀਡੀਆ ਪੇਜ 'ਤੇ ਟਵੀਟ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਨਿਖੇਧੀ ਕਰਦਿਆਂ ਕਿਹਾ ਕਿ ਸਵ: ਪੱਪੂ ਜੈਂਤੀਪੁਰੀਆ ਦੇ ਪੁੱਤਰ ਅਮਨ ਜੈਂਤੀਪੁਰੀਆ ਜੋ ਆਪਣੇ ਪਿਤਾ ਦਾ ਕਾਰੋਬਾਰ ਸੰਭਾਲ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ, ਨੂੰ ਗੈਂਗਸਟਰਾਂ ਵਲੋਂ ਜਾਨੋਂ ਮਾਰਨ ਤੇ ਫਿਰੌਤੀ ਮੰਗਣ ਲਈ ਧਮਕੀਆਂ ਮਿਲ ਰਹੀਆਂ ਸਨ। ਜਿਸ ਉਪਰੰਤ ਅੱਜ ਸ਼ਾਮ 7.30 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਦੋ ਅਣਪਛਾਤੇ ਵਿਅਕਤੀ ਜੋ ਮੋਟਰ ਸਾਈਕਲ ਸਵਾਰ ਸਨ, ਵਲੋਂ ਗ੍ਰਨੇਡ ਸੁਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ 'ਚ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਜਦੋਂ ਕਿ ਮੁੱਖ ਮੰਤਰੀ ਵਿਦੇਸ਼ਾਂ ਦੀ ਸੈਰ ਕਰ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਹੁਣ ਤਕ ਕੇਵਲ ਮਾਝੇ ਖੇਤਰ 'ਚ ਹੀ 10 ਤੋਂ ਵੱਧ ਗ੍ਰਨੇਡ ਹਮਲੇ ਹੋ ਚੁੱਕੇ ਹਨ। ਦੂਜੇ ਪਾਸੇ ਵਾਪਰੀ ਘਟਨਾ ਉਪਰੰਤ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਆਪਣੇ ਲਾਮ ਲਸ਼ਕਰ ਨਾਲ ਵਾਪਰੀ ਘਟਨਾ ਸਥਾਨ 'ਤੇ ਪੁੱਜ ਗਏ। ਪੁਲਿਸ ਵਲੋਂ ਫੋਰੈਂਸਿਕ ਮਾਹਿਰਾਂ ਦੀ ਮਦਦ ਨਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਜ਼ਿਲ੍ਹਾ ਪੁਲਿਸ ਮੁਖੀ ਤੇ ਹੋਰ ਅਧਿਕਾਰੀ ਪੱਪੂ ਜੈਂਤੀਪੁਰੀਆ ਦੇ ਘਰ ਪੁੱਜ ਚੁੱਕੇ ਹਨ। ਵਾਪਰੀ ਘਟਨਾ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਨਾਲ ਸੰਪਰਕ ਕਰਨ ਚਾਹਿਆ ਤਾਂ ਉਨ੍ਹਾਂ ਆਪਣਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ