ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਸੰਬੰਧੀ ਪ੍ਰਕਾਸ਼ਿਤ ਮੁੱਢਲੀਆਂ ਸੂਚੀਆਂ ਦੋਸ਼ ਪੂਰਣ- ਐਡਵੋਕੇਟ ਧਾਮੀ
ਅੰਮ੍ਰਿਤਸਰ, 10 ਜਨਵਰੀ (ਜਸਵੰਤ ਸਿੰਘ ਜੱਸ )-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐੱਸ. ਐੱਸ. ਸਾਰੋਂ ਨੂੰ ਪੱਤਰ ਲਿਖ ਕੇ ਕਮਿਸ਼ਨ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਸੰਬੰਧੀ ਪ੍ਰਕਾਸ਼ਿਤ ਮੁੱਢਲੀ ਸੂਚੀਆਂ ਦੇ ਸੰਬੰਧ ਵਿਚ ਇਤਰਾਜ਼ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ਿਤ ਕੀਤੀ ਗਈਆਂ ਸੂਚੀਆਂ ਵਿਚ ਕਈ ਗ਼ੈਰ ਸਿੱਖਾਂ ਦੇ ਨਾਂਅ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੇ ਨਾਵਾਂ ਨਾਲ ਸਿੰਘ ਅਤੇ ਕੌਰ ਵੀ ਸ਼ਾਮਿਲ ਨਹੀਂ ਹੈ। ਇਸ ਤੋਂ ਇਲਾਵਾ ਸੂਚੀਆਂ ਵਿਚ ਵੋਟਰਾਂ ਦੀ ਸ਼ਨਾਖਤ ਲਈ ਪਛਾਣ ਦਰਸਾਉਂਦੀਆਂ ਫੋਟੋਆਂ ਵੀ ਸ਼ਾਮਿਲ ਨਹੀਂ ਕੀਤੀਆਂ ਗਈਆਂ। ਪ੍ਰਕਾਸ਼ਿਤ ਕੀਤੀਆਂ ਸੂਚੀਆਂ ਹਾਸਿਲ ਕਰਨ ਵਿਚ ਵੀ ਸਿੱਖ ਸੰਗਤ ਨੂੰ ਵੱਡੀਆਂ ਪਰੇਸ਼ਾਨੀਆਂ ਆ ਰਹੀਆਂ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਚੱਲ ਰਹੀ ਪ੍ਰਕਿਰਿਆ ਤਹਿਤ ਸਹੀ ਤਰੀਕੇ ਨਾਲ ਇਤਰਾਜ਼ ਦਰਜ ਕਰਵਾਉਣੇ ਸੰਭਵ ਨਹੀਂ ਹਨ ਅਤੇ ਇਸ ਸਭ ਤੋਂ ਪੰਜਾਬ ਸਰਕਾਰ ਦੀ ਮਨਮਰਜ਼ੀ ਸਪੱਸ਼ਟ ਹੋ ਰਹੀ ਹੈ, ਜਿਸ ਸੰਬੰਧੀ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਖ਼ਦਸ਼ੇ ਪ੍ਰਗਟ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਬਿਨਾਂ ਫੋਟੋਆਂ ਵਾਲੀਆਂ ਸੂਚੀਆਂ ਵੋਟਰਾਂ ਵਲੋਂ ਫੋਟੋ ਸਮੇਤ ਜਮ੍ਹਾਂ ਕਰਵਾਏ ਗਏ ਫਾਰਮਾਂ ਦੀ ਥਾਂ ਬੂਥ ਪੱਧਰ ਉੱਤੇ ਤਾਇਨਾਤ ਬੀ.ਐੱਲ.ਓ. ਵਲੋਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਸੰਬੰਧੀ ਸੂਚੀਆਂ ਵਿਚੋਂ ਚੁੱਕ ਕੇ ਤਿਆਰ ਕੀਤੀਆਂ ਗਈਆਂ ਹੋਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਬਿਹਤਰ ਪ੍ਰਬੰਧਕੀ ਵਿਵਸਥਾ ਲਈ ਇਹ ਜ਼ਰੂਰੀ ਹੈ ਕਿ ਇਸ ਸੰਸਥਾ ਦੇ ਮੈਂਬਰ ਚੁਣਨ ਲਈ ਵੋਟਰ ਵੀ ਨਿਯਮਾਂ ਅਨੁਸਾਰ ਯੋਗ ਤਰੀਕੇ ਨਾਲ ਹੀ ਰਜਿਸਟਰ ਕੀਤੇ ਜਾਣ। ਲਿਖੇ ਪੱਤਰ ਵਿਚ ਐਡਵੋਕੇਟ ਧਾਮੀ ਨੇ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਪਾਸੋਂ ਮੰਗ ਕੀਤੀ ਹੈ ਕਿ ਵੋਟਰ ਸੂਚੀਆਂ ਦੀ ਆਨਲਾਈਨ ਅਤੇ ਬਣਾਏ ਗਏ ਕੇਂਦਰਾਂ ਉੱਤੇ ਉਪਲੱਬਧਤਾ ਯਕੀਨੀ ਬਣਾਈ ਜਾਵੇ। ਗੁਰਦੁਆਰਾ ਚੋਣ ਕਮਿਸ਼ਨ ਵਲੋਂ ਵੋਟਰ ਰਜਿਸਟ੍ਰੇਸ਼ਨ ਪ੍ਰਕਿਰਿਆ ਸਮੇਂ ਫ਼ੋਟੋਆਂ ਸਮੇਤ ਫਾਰਮ ਜਮ੍ਹਾਂ ਕਰਵਾਉਣ ਦੀਆਂ ਹਿਦਾਇਤਾਂ ਦੇ ਮੱਦੇਨਜ਼ਰ ਸੂਚੀਆਂ ਵੋਟਰਾਂ ਦੀਆਂ ਫੋਟੋਆਂ ਸਮੇਤ ਪ੍ਰਕਾਸ਼ਿਤ ਕੀਤੀਆਂ ਜਾਣ, ਤਾਂ ਤੋ ਪਤਾ ਲੱਗ ਸਕੇ ਕਿ ਵੋਟਰ ਬਣਨ ਵਾਲਾ ਵਿਅਕਤੀ ਸਾਬਤ ਸੂਰਤ/ਕੇਸਾਧਾਰੀ ਸਿੱਖ ਹੈ। ਉਨ੍ਹਾਂ ਗ਼ੈਰ-ਸਿੱਖਾਂ ਦੇ ਸ਼ਾਮਿਲ ਨਾਂਅ ਖਾਰਜ ਕਰਨ ਦੇ ਆਦੇਸ਼ ਜਾਰੀ ਕਰਨ ਦੀ ਵੀ ਮੰਗ ਕੀਤੀ।