10-01-2025
ਮਾਂ-ਪਿਉ ਦੀ ਕਦਰ ਕਰੋ
ਇਨਸਾਨ ਖ਼ੁਦ ਨੂੰ ਭੁੱਲ ਕੇ ਦੂਜਿਆਂ ਲਈ ਜਿਊਂਦਾ ਹੈ। ਇਨਸਾਨ ਸਾਰੀ ਉਮਰ ਇਹੀ ਸੋਚਾਂ-ਵਿਚਾਰਾਂ 'ਚ ਗੁਆ ਦਿੰਦਾ ਹੈ ਕਿ ਮੈਂ ਸਮਾਜ ਨੂੰ ਖ਼ੁਸ਼ ਕਿਵੇਂ ਕਰਾਂ? ਮਨੁੱਖ ਅਕਸਰ ਹੀ ਬੇਕਦਰੇ ਅਤੇ ਬੇਸ਼ੁਕਰੇ ਲੋਕਾਂ ਪਿੱਛੇ ਆਪਣਾ ਕੀਮਤੀ ਸਮਾਂ ਬਰਬਾਦ ਕਰਦਾ ਰਹਿੰਦਾ ਹੈ, ਜਿਹੜੇ ਇਕ ਨਾ ਇਕ ਦਿਨ ਆਪਣਾ ਉੱਲੂ ਸਿੱਧਾ ਕਰ ਕੇ ਰਫ਼ੂਚੱਕਰ ਹੋ ਜਾਂਦੇ ਹਨ। ਸੋ, ਦੂਜਿਆਂ ਨੂੰ ਸੰਤੁਸ਼ਟ ਕਰਨ ਤੋਂ ਪਹਿਲਾਂ ਖੁਦ ਦੀ ਰੂਹ ਨੂੰ ਸੰਤੁਸ਼ਟ ਕਰੋ ਅਤੇ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਅਤੇ ਇਹ ਸੋਹਣੀ ਦੁਨੀਆ ਵਿਖਾਈ ਉਸ ਰੱਬ ਵਰਗੇ ਮਾਂ-ਪਿਉ ਦੀ ਕਦਰ ਕਰਿਆ ਕਰੋ ਕਿਉਂਕਿ ਦੁਨੀਆ ਦੀ ਹਰ ਸ਼ੈਅ ਪੈਸੇ ਸਦਕਾ ਮੁੱਲ ਖ਼ਰੀਦੀ ਜਾ ਸਕਦੀ ਹੈ, ਪਰ ਗੁਜ਼ਰ ਗਿਆ ਕੀਮਤੀ ਸਮਾਂ ਅਤੇ ਮਾਂ-ਪਿਉ ਦਾ ਅਣਮੁੱਲਾ ਪਿਆਰ ਕਦੇ ਵੀ ਮੁੱਲ ਨਹੀਂ ਖ਼ਰੀਦਿਆ ਜਾ ਸਕਦਾ। ਜਿਹੜੇ ਲੋਕ ਆਪਣੇ ਮਾਂ-ਪਿਉ ਦੀ ਕਦਰ ਕਰਦੇ ਹਨ, ਸਮਾਜ ਵੀ ਉਨ੍ਹਾਂ ਦੀ ਕਦਰ ਕਰਦਾ ਹੈ ਅਤੇ ਜਿਹੜੇ ਆਪਣੇ ਮਾਂ-ਪਿਉ ਨੂੰ ਧੋਖਾ ਦਿੰਦੇ ਹਨ ਤਾਂ ਉਹ ਖ਼ੁਦ ਵੀ ਇਕ ਨਾ ਇਕ ਦਿਨ ਆਪਣੀ ਜ਼ਿੰਦਗੀ ਤੋਂ ਧੋਖਾ ਹੀ ਖਾਂਦੇ ਹਨ। ਇਸ ਲਈ ਖ਼ੁਸ਼ ਰਹੋ ਅਤੇ ਆਪਣੇ ਮਾਂ-ਪਿਉ ਨੂੰ ਵੀ ਖ਼ੁਸ਼ ਰੱਖਣ ਦਾ ਯਤਨ ਕਰਿਆ ਕਰੋ ਅਤੇ ਉਨ੍ਹਾਂ ਦੀ ਕਦਰ ਕਰਿਆ ਕਰੋ ਕਿਉਂਕਿ ਕਹਿੰਦੇ ਹਨ ਕਿ ਮਾਪੇ ਧਰਤੀ 'ਤੇ ਰੱਬ ਦਾ ਦੂਜਾ ਰੂਪ ਹਨ ਅਤੇ ਮਾਂ-ਪਿਉ ਨੂੰ ਖ਼ੁਸ਼ ਕਰਨਾ ਰੱਬ ਨੂੰ ਖ਼ੁਸ਼ ਕਰਨ ਦੇ ਬਰਾਬਰ ਹੈ।
-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।
ਚਾਈਨਾ ਡੋਰ ਦੀ ਵਰਤੋਂ 'ਤੇ ਸਖ਼ਤੀ ਹੋਵੇ
ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਸਾਰ ਹੀ ਪਤੰਗਬਾਜ਼ੀ ਵੀ ਸ਼ੁਰੂ ਹੋ ਜਾਂਦੀ ਹੈ। ਲੋਕਾਂ ਵਲੋਂ ਪਤੰਗਬਾਜ਼ੀ ਕਰਦਿਆਂ ਖ਼ਤਰਨਾਕ ਚਾਈਨਾ ਡੋਰ ਦੀ ਵਰਤੋਂ ਬਿਨਾਂ ਕਿਸੇ ਡਰ ਭੈਅ ਦੇ ਵੱਡੇ ਪੱਧਰ 'ਤੇ ਧੜੱਲੇ ਨਾਲ ਕੀਤੀ ਜਾਂਦੀ ਹੈ। ਇਹ ਡੋਰ ਇੰਨੀ ਜ਼ਿਆਦਾ ਖ਼ਤਰਨਾਕ ਹੁੰਦੀ ਹੈ ਕਿ ਇਸ ਦੀ ਲਪੇਟ ਵਿਚ ਆਉਣ ਨਾਲ ਹਰ ਵਰ੍ਹੇ ਅਨੇਕਾਂ ਪੰਛੀ ਤੇ ਇਨਸਾਨ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ। ਕਈ ਤਾਂ ਮੌਤ ਦੇ ਮੂੰਹ ਵਿਚ ਹੀ ਚਲੇ ਜਾਂਦੇ ਹਨ। ਆਮ ਲੋਕਾਂ ਨੂੰ ਮਨੁੱਖਤਾ ਦੇ ਭਲੇ ਹਿੱਤ ਇਸ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਇਸ ਡੋਰ ਨੂੰ ਵੇਚਣ ਵਾਲੇ ਦੁਕਾਨਦਾਰਾਂ ਨੂੰ ਲਾਲਚ ਤਿਆਗ ਕੇ ਸਰਬੱਤ ਦੇ ਭਲੇ ਲਈ ਸੋਚਣਾ ਚਾਹੀਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਚਾਈਨਾ ਡੋਰ ਵਰਤਣ ਤੇ ਵੇਚਣ ਵਾਲਿਆਂ ਖ਼ਿਲਾਫ਼ ਜਨਹਿਤ ਵਿਚ ਮਤੇ ਪਾਉਣੇ। ਸਰਕਾਰ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
-ਅੰਗਰੇਜ਼ ਸਿੰਘ ਵਿੱਕੀ,
ਪਿੰਡ-ਡਾਕ. ਕੋਟਗੁਰੂ (ਬਠਿੰਡਾ)
ਜ਼ਿੰਦਗੀ ਖ਼ੂਬਸੂਰਤ
ਅਮਰਜੀਤ ਬਰਾੜ ਦੀ ਵਧੀਆ ਰਚਨਾ 'ਕਿਸ ਗੱਲ ਵਿਚ ਹੈ ਤੁਹਾਡੀ ਖ਼ੂਬਸੂਰਤੀ' ਪੜ੍ਹੀ। ਬਹੁਤ ਵਧੀਆ ਲੱਗੀ। ਇਹ ਰਚਨਾ ਗਿਆਨ ਨਾਲ ਭਰੀ ਹੋਈ ਸੀ। ਅਸੀਂ ਆਪਣੀ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣਾ ਚਾਹੁੰਦੇ ਹਾਂ ਤਾਂ ਮਿਹਨਤ, ਦ੍ਰਿੜ੍ਹਤਾ ਨੂੰ ਮਨ ਵਿਚ ਅਖ਼ਤਿਆਰ ਕਰਨਾ ਪਵੇਗਾ। ਲਾਪਰਵਾਹੀ ਫ਼ਜ਼ੂਲ ਖ਼ਰਚੀ ਹਵਾ ਵਿਚ ਗੱਲਾਂ ਕਰਨੀਆਂ ਇਸ ਸੰਸਾਰ ਦੇ ਲੋਕਾਂ ਨੂੰ ਸ਼ੋਭਾ ਨਹੀਂ ਦੇਣਗੀਆਂ।
ਜ਼ਿੰਦਗੀ ਨੂੰ ਖ਼ੂਬਸੂਰਤ ਵੇਖਣਾ ਹੈ ਤਾਂ ਸਮਝਦਾਰੀ ਨੂੰ ਜੀਵਨ ਵਿਚ ਅਪਣਾਉਣਾ ਪਵੇਗਾ। ਮਨੋ, ਤਨੋ ਮਿਹਨਤ ਸਾਨੂੰ ਖ਼ੁਸ਼ੀ ਪ੍ਰਦਾਨ ਕਰ ਸਕਦੀ। ਸੱਚੀ ਮਿਹਨਤ ਨਾਲ ਕਮਾਇਆ ਪੈਸਾ ਤੁਹਾਨੂੰ ਸਕੂਨ ਦੇਵੇਗਾ, ਪਰਿਵਾਰ ਨੂੰ ਖ਼ੁਸ਼ੀ ਮਿਲੇਗੀ। ਅਸੀਂ ਲੋਕਾਂ ਨਾਲ ਠੱਗੀਆਂ ਮਾਰ ਕੇ ਧੰਨ ਵਿਚ ਵਾਧਾ ਤਾਂ ਕਰ ਸਕਦੇ ਹਾਂ ਪਰ ਜ਼ਿੰਦਗੀ ਖ਼ੂਬਸੂਰਤ ਨਹੀਂ ਬਣਾ ਸਕਦੇ ਅਜਿਹੀ ਕਮਾਈ ਨਾਲ ਸਾਧਨਾਂ ਵਿਚ ਤਾਂ ਵਾਧਾ ਹੋਵੇਗਾ ਪਰ ਮਨ ਨੂੰ ਕਦੇ ਸਕੂਨ ਨਹੀਂ ਮਿਲੇਗਾ। ਚੰਗੀਆਂ ਕਿਤਾਬਾਂ ਸਾਡੇ ਵਿਚਾਰਾਂ ਵਿਚ ਵਾਧਾ ਹੀ ਨਹੀਂ ਕਰਦੀਆਂ, ਸਗੋਂ ਸਾਡੇ ਵਿਚਾਰਾਂ ਨੂੰ ਤਰਾਸ਼ਦੀਆਂ ਹਨ।
-ਰਾਮ ਸਿੰਘ ਪਾਠਕ
ਗਿਆਨ 'ਚ ਵਾਧਾ ਕਰਨ ਵਾਲਾ ਲੇਖ
ਪੰਜਾਬ ਦੀ ਆਵਾਜ਼ ਅਜੀਤ ਵਿਚ ਨਿੱਕ-ਸੁੱਕ ਵਾਲੇ ਗੁਲਜ਼ਾਰ ਸਿੰਘ ਸੰਧੂ ਦਾ ਲਿਖਿਆ ਲੇਖ ਭਾਰਤ ਦੀ ਸੁਰਿੰਦਰ ਕੌਰ ਤੇ ਪਾਕਿਸਤਾਨੀ ਰੇਸ਼ਮਾ ਪੜ੍ਹਿਆ। ਜੁੱਗ ਜੁੱਗ ਜੀਵੇ ਗੁਲਜ਼ਾਰ ਸਿੰਘ ਸੰਧੂ ਜੋ ਅਜਿਹੇ ਲੇਖ ਲਿਖ ਕੇ ਹਜ਼ਾਰਾਂ ਪਾਠਕਾਂ ਦੇ ਗਿਆਨ ਵਿਚ ਵਾਧਾ ਕਰਦਾ ਹੈ। ਉਨ੍ਹਾਂ ਲੇਖ ਵਿਚ ਲਿਖਿਆ ਕਿ ਬਟਾਲਾ ਨਿਵਾਸੀ ਫੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਨੇ ਆਪਣੇ ਸ਼ਹਿਰ ਵਿਚ ਸੁਰਿੰਦਰ ਕੌਰ ਦਾ ਜਨਮ ਦਿਨ ਮਨਾਇਆ। ਉਪਰੰਤ ਅੰਮ੍ਰਿਤਸਰ ਤੋਂ ਡਾਕਟਰ ਛੀਨਾ ਵੀ ਉਸ ਮੌਕੇ ਹਾਜ਼ਰ ਸਨ। ਜਨਮਦਿਨ ਮਨਾਉਣ ਤੋਂ ਬਾਅਦ ਡਾ. ਛੀਨਾ ਸੁਰਿੰਦਰ ਕੌਰ ਨੂੰ ਆਪਣੇ ਨਾਲ ਅੰਮ੍ਰਿਤਸਰ ਲੈ ਆਏ। ਉਪਰੰਤ ਦੋਵਾਂ ਪਰਿਵਾਰਾਂ ਦੀ ਪੱਕੀ ਸਾਂਝ ਬਣ ਗਈ।
ਪਾਕਿਸਤਾਨੀ ਰੇਸ਼ਮਾ ਬਾਨੋ ਗੁਲਜ਼ਾਰ ਸਿੰਘ ਸੰਧੂ ਨੇ ਲਿਖਿਆ ਕਿ ਉਹ ਟੱਪਰੀਵਾਸ ਕਬੀਲੇ ਵਿਚ ਪੈਦਾ ਹੋਈ। 10 ਸਾਲ ਦੀ ਉਮਰ ਵਿਚ ਜਦੋਂ ਰੇਸ਼ਮਾ ਇਕ ਪਿੰਡ ਵਿਚ ਕੱਵਾਲੀ ਗਾ ਰਹੀ ਸੀ ਤਾਂ ਟੈਲੀਵਿਜ਼ਨ ਨਿਰਮਾਤਾ ਗਿਲਾਨੀ ਨੇ ਬਾਲੜੀ ਦੀ ਕਲਾ ਪਛਾਣੀ। ਉਪਰੰਤ ਉਸ ਨੇ ਵੱਡੀ ਗਿਣਤੀ ਵਿਚ ਫ਼ਿਲਮੀ ਗੀਤ ਗਾਏ। ਰੇਸ਼ਮਾ ਨੂੰ ਉਧਰ ਦੇ ਪੰਜਾਬ ਦੇ ਉੱਚ ਕੋਟੀ ਦੇ ਮਾਣ-ਸਨਮਾਨ ਮਿਲੇ।
-ਜੋਗਿੰਦਰ ਸਿੰਘ ਲੋਹਾਮ
ਜਮੀਅਤ ਸਿੰਘ ਰੋਡ, ਮੋਗਾ।