ਇਕ ਰਾਸ਼ਟਰ, ਇਕ ਚੋਣ ’ਤੇ ਅੱਜ ਹੋਵੇਗੀ ਜੇ.ਪੀ.ਸੀ. ਦੀ ਪਹਿਲੀ ਮੀਟਿੰਗ
ਨਵੀਂ ਦਿੱਲੀ, 8 ਜਨਵਰੀ- ਇਕ ਰਾਸ਼ਟਰ, ਇਕ ਚੋਣ ਲਈ ਸੰਸਦ ਵਿਚ ਪੇਸ਼ ਕੀਤੇ ਗਏ 129ਵੇਂ ਸੰਵਿਧਾਨ (ਸੋਧ) ਬਿੱਲ ਦੀ ਸਮੀਖਿਆ ਕਰਨ ਲਈ ਬਣਾਈ ਗਈ ਸਾਂਝੀ ਸੰਸਦੀ ਕਮੇਟੀ (ਜੇ.ਪੀ.ਸੀ.) ਦੀ ਅੱਜ ਪਹਿਲੀ ਮੀਟਿੰਗ ਹੋਵੇਗੀ। ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ 31 ਮੈਂਬਰਾਂ (ਲੋਕ ਸਭਾ ਤੋਂ 21 ਅਤੇ ਰਾਜ ਸਭਾ ਤੋਂ 10 ਸੰਸਦ ਮੈਂਬਰ) ਵਾਲੀ ਜੇ.ਪੀ.ਸੀ. ਦਾ ਗਠਨ ਕੀਤਾ ਗਿਆ ਸੀ। ਹਾਲਾਂਕਿ ਕਈ ਪਾਰਟੀਆਂ ਵਲੋਂ ਉਨ੍ਹਾਂ ਨੂੰ ਜੇ.ਪੀ.ਸੀ. ਵਿਚ ਸ਼ਾਮਿਲ ਕਰਨ ਦੀ ਬੇਨਤੀ ਤੋਂ ਬਾਅਦ ਸਰਕਾਰ ਨੇ ਕਮੇਟੀ ਵਿਚ 8 ਮੈਂਬਰ ਵਧਾ ਦਿੱਤੇ ਹਨ। ਹੁਣ ਇਸ ਕਮੇਟੀ ਵਿਚ ਲੋਕ ਸਭਾ ਤੋਂ 27 ਅਤੇ ਰਾਜ ਸਭਾ ਤੋਂ 12 ਸੰਸਦ ਮੈਂਬਰ ਹਨ। ਕਾਂਗਰਸ ਵਲੋਂ ਪ੍ਰਿਅੰਕਾ ਗਾਂਧੀ ਵਾਡਰਾ, ਮਨੀਸ਼ ਤਿਵਾੜੀ ਅਤੇ ਸੁਖਦੇਵ ਭਗਤ ਸਿੰਘ ਨੂੰ 39 ਮੈਂਬਰੀ ਜੇ.ਪੀ.ਸੀ. ਵਿਚ ਸ਼ਾਮਿਲ ਕੀਤਾ ਗਿਆ ਹੈ। ਭਾਜਪਾ ਵਲੋਂ ਬਾਂਸੂਰੀ ਸਵਰਾਜ, ਸੰਬਿਤ ਪਾਤਰਾ ਅਤੇ ਅਨੁਰਾਗ ਸਿੰਘ ਠਾਕੁਰ ਇਸ ਵਿਚ ਸ਼ਾਮਿਲ ਹਨ। ਇਸ ਤੋਂ ਇਲਾਵਾ ਸਪਾ, ਡੀ.ਐਮ.ਕੇ., ਟੀ.ਡੀ.ਪੀ. ਸਮੇਤ ਹੋਰ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਵੀ ਇਸ ਜੇ.ਪੀ.ਸੀ. ਦਾ ਮੈਂਬਰ ਬਣਾਇਆ ਗਿਆ ਹੈ। ਇਸ ਕਮੇਟੀ ਨੂੰ ਅਗਲੇ ਸੈਸ਼ਨ ਦੇ ਆਖ਼ਰੀ ਹਫ਼ਤੇ ਦੇ ਪਹਿਲੇ ਦਿਨ ਤੱਕ ਆਪਣੀ ਰਿਪੋਰਟ ਸੌਂਪਣੀ ਹੋਵੇਗੀ।