ਖੰਨਾ ਦੇ ਨੌਜਵਾਨ ਦੀ ਵੀ ਹੋਈ ਜੌਰਜੀਆ ’ਚ ਮੌਤ
ਖੰਨਾ, (ਲੁਧਿਆਣਾ), 17 ਦਸੰਬਰ (ਹਰਜਿੰਦਰ ਸਿੰਘ ਲਾਲ)- ਜੌਰਜੀਆ ਦੇ ਇਕ ਰੈਸਟੋਰੈਂਟ ਵਿਚ 11 ਭਾਰਤੀ ਨਾਗਰਿਕਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇਕ ਸਮੀਰ ਕੁਮਾਰ (26) ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦਾ ਰਹਿਣ ਵਾਲਾ ਸੀ। ਸਮੀਰ ਖੰਨਾ ਦੇ ਬਿਲਾਂ ਵਾਲੀ ਛੱਪੜੀ ਇਲਾਕੇ ਦਾ ਰਹਿਣ ਵਾਲਾ ਹੈ। ਉਹ ਕਰੀਬ 6 ਮਹੀਨੇ ਪਹਿਲਾਂ ਜੌਰਜੀਆ ਗਿਆ ਸੀ। ਉੱਥੇ ਹੀ ਟਿਕਲੀਸ਼ ਰਾਜਧਾਨੀ ਦੇ ਭਾਰਤੀ ਅਰਬੀ ਰੈਸਟੋਰੈਂਟ ਹਵੇਲੀ ’ਚ ਕੰਮ ਕਰਦਾ ਸੀ। ਸਮੀਰ ਦੇ ਭਰਾ ਗੁਰਦੀਪ ਕੁਮਾਰ ਨੇ ਦੱਸਿਆ ਕਿ 14 ਦਸੰਬਰ ਨੂੰ ਸਮੀਰ ਦਾ ਜਨਮ ਦਿਨ ਸੀ। ਸਮੀਰ ਬੀਤੀ ਰਾਤ ਆਪਣੀ ਮਾਂ ਸੰਤੋਸ਼ ਕੁਮਾਰੀ ਨਾਲ ਫ਼ੋਨ ’ਤੇ ਗੱਲ ਕਰਕੇ ਸੌਂ ਗਿਆ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਕਈ ਫੋਨ ਕੀਤੇ ਪਰ ਸਮੀਰ ਵਲੋਂ ਕੋਈ ਜਵਾਬ ਨਹੀਂ ਆਇਆ। ਉਸ ਦੇ ਦੋਸਤਾਂ ਨੂੰ ਫੋਨ ਕੀਤੇ ਗਏ। ਉਹਨਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਇੰਟਰਨੈੱਟ ਤੋਂ ਰੈਸਟੋਰੈਂਟ ਦਾ ਨੰਬਰ ਲੈ ਕੇ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਸਮੀਰ ਸਮੇਤ ਕਮਰਿਆਂ ਵਿਚ ਸੁੱਤੇ ਪਏ ਸਾਰੇ 12 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਦੱਸਿਆ ਗਿਆ। ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਮੰਗ ਕੀਤੀ ਕਿ ਸਮੀਰ ਦੀ ਮ੍ਰਿਤਕ ਦੇਹ ਨੂੰ ਕਿਸੇ ਵੀ ਤਰੀਕੇ ਨਾਲ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਅੰਤਿਮ ਰਸਮਾਂ ਨਿਭਾਅ ਸਕਣ ਅਤੇ ਸਮੀਰ ਦੀਆਂ ਰਸਮਾਂ ਅਨੁਸਾਰ ਅੰਤਿਮ ਸੰਸਕਾਰ ਕਰ ਸਕਣ।