ਪੀ. ਟੀ. ਆਈ, ਡਰਾਇੰਗ ਅਤੇ ਕੰਪਿਊਟਰ ਅਧਿਆਪਕਾਂ ਦੀ ਤਨਖ਼ਾਹ ਗਰੇਡ ਘਟਾਉਣ ਦੀ ਗੌਰਮਿੰਟ ਟੀਚਰ ਯੂਨੀਅਨ ਵਲੋਂ ਨਿਖੇਧੀ
ਕੋਟਫ਼ਤੂਹੀ (ਹੁਸ਼ਿਆਰਪੁਰ), 13 ਦਸੰਬਰ (ਅਵਤਾਰ ਸਿੰਘ ਅਟਵਾਲ) - ਗੌਰਮਿੰਟ ਟੀਚਰ ਯੂਨੀਅਨ ਬਲਾਕ ਕੋਟਫ਼ਤੂਹੀ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ ਦੀ ਪ੍ਰਧਾਨਗੀ ਹੇਠ ਕੋਟਫ਼ਤੂਹੀ ਵਿਖੇ ਹੋਈ । ਮੀਟਿੰਗ ਵਿਚ ਵੱਖ-ਵੱਖ ਆਗੂਆਂ ਨੇ ਕਿਹਾ ਕਿ ਵਿੱਤ ਵਿਭਾਗ ਵਲੋਂ ਪੀ. ਟੀ. ਆਈ ਅਤੇ ਡਰਾਇੰਗ ਅਧਿਆਪਕਾਂ ਦਾ ਗਰੇਡ 4400 ਤੋਂ ਘਟਾ ਕੇ 3200 ਕਰਨ ਅਤੇ ਕੰਪਿਊਟਰ ਅਧਿਆਪਕਾਂ ਦਾ ਗਰੇਡ 5000 ਤੋਂ 3800 ਕਰਨ 'ਤੇ ਅਧਿਆਪਕ ਵਰਗ ਵਿਚ ਘੋਰ ਨਿਰਾਸ਼ਾ ਪਾਈ ਜਾ ਰਹੀ ਹੈ। ਇਨ੍ਹਾਂ ਅਧਿਆਪਕਾਂ ਨੂੰ ਜਥੇਬੰਦੀਆਂ ਦੇ ਲੰਮੇ ਸੰਘਰਸ਼ ਤੋਂ ਬਾਅਦ 2011 ਦੀ ਉਸ ਸਮੇਂ ਦੀ ਸਰਕਾਰ ਸਮੇਂ ਇਹ ਗਰੇਡ ਹਾਸਲ ਹੋਏ ਸਨ। ਗੌਰਮਿੰਟ ਟੀਚਰ ਯੂਨੀਅਨ ਸਿੱਖਿਆ ਮੰਤਰੀ ਕੋਲੋਂ ਇਹ ਮੰਗ ਕਰਦੀ ਹੈ ਕਿ ਦੂਰ ਦੁਰਾਡੇ ਸਟੇਸ਼ਨ ਵਾਲੇ ਅਧਿਆਪਕਾਂ ਕੋਲੋਂ ਦੁਬਾਰਾ ਸਟੇਸ਼ਨ ਚੋਣ ਕਰਵਾਈ ਜਾਵੇ, ਬੀਤੀ 06 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਗੰਭੀਰਪੁਰ ਵਿਖੇ ਸਾਂਝੇ ਅਧਿਆਪਕ ਮੋਰਚੇ ਵਲੋਂ ਕੀਤੇ ਲਾ ਮਿਸਾਲ ਇਕੱਠ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਵਲੋਂ 16 ਦਸੰਬਰ ਨੂੰ ਅਧਿਆਪਕਾਂ ਦੀਆਂ ਮੰਗਾਂ ਦੇ ਹੱਲ ਸੰਬੰਧੀ ਮੀਟਿੰਗ ਦਾ ਸਮਾਂ ਦਿੱਤਾ ਸੀ। ਜੇਕਰ ਇਸ ਮੀਟਿੰਗ ਵਿਚ ਕੋਈ ਸਾਰਥਕ ਹੱਲ ਨਹੀਂ ਨਿਕਲਿਆ ਤਾਂ ਸਰਕਾਰ ਵਿਰੁੱਧ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ।