ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਸੁਰੱਖਿਆ 'ਚ ਕੀਤਾ ਅਚਨਚੇਤ ਵਾਧਾ
ਸ੍ਰੀ ਅਨੰਦਪੁਰ ਸਾਹਿਬ, 11 ਦਸੰਬਰ (ਨਿੱਕੂਵਾਲ/ਸੈਣੀ)-ਸ਼ਹੀਦੀ ਹਫਤਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਦੀ ਸੁਰੱਖਿਆ ਵਿਚ ਅਚਨਚੇਤ ਵਾਧਾ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸਿੰਘ ਸਾਹਿਬ ਦੇ ਸੁਰੱਖਿਆ ਅਮਲੇ ਵਿਚ ਪਹਿਲਾਂ ਤਿੰਨ ਮੁਲਾਜ਼ਮ ਗਾਰਡ ਅਤੇ ਤਿੰਨ ਮੁਲਾਜ਼ਮ ਉਨ੍ਹਾਂ ਨਾਲ ਚੱਲਦੇ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਪੰਜ ਮੁਲਾਜ਼ਮ ਵੱਖਰੇ ਸਨ। ਬਾਅਦ ਦੁਪਹਿਰ ਅਚਾਨਕ ਸਿੰਘ ਸਾਹਿਬ ਨੂੰ ਇਕ ਬਲੈਰੋ ਗੱਡੀ ਤੋਂ ਇਲਾਵਾ ਤਿੰਨ ਮੁਲਾਜ਼ਮ ਅਤੇ ਇਕ ਡਰਾਈਵਰ ਹੋਰ ਮੁਹੱਈਆ ਕਰਵਾ ਦਿੱਤਾ ਗਿਆ ਹੈ। ਇਸ ਸੰਬੰਧੀ ਪੁਸ਼ਟੀ ਕਰਦੇ ਹੋਏ ਚੌਕੀ ਇੰਚਾਰਜ ਏ.ਐਸ.ਆਈ. ਜਮਸ਼ੇਰ ਸਿੰਘ ਨੇ ਦੱਸਿਆ ਕਿ ਵਾਧੂ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਕਾਲੀ ਦਲ ਦੇ ਵੱਖ-ਵੱਧ ਧੜਿਆਂ ਨੂੰ ਸ੍ਰੀ ਅਕਾਲ ਤਖਤ ਵਲੋਂ ਸੁਣਾਈ ਗਈ ਸਜ਼ਾ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਤੇ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਹੈ, ਜਿਸਨੂੰ ਲੈ ਕੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ।