ਨਗਰ ਕੌਂਸਲ ਅਮਲੋਹ ਦੀਆਂ ਚੋਣਾਂ 'ਚ ਇਮਾਨਦਾਰ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾ ਰਹੇ - ਰਾਜੂ ਖੰਨਾ
ਅਮਲੋਹ (ਫਤਿਹਗੜ੍ਹ ਸਾਹਿਬ), 11 ਦਸੰਬਰ (ਕੇਵਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਕੌਂਸਲ ਅਮਲੋਹ ਦੀ ਹੋ ਰਹੀ ਚੋਣ ਵਿਚ ਇਮਾਨਦਾਰ ਤੇ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦੇਣ ਵਾਲੇ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ, ਜਿਸ ਲਈ ਹਰ ਸ਼ਹਿਰ ਵਾਸੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਵਿਕਾਸ ਪੱਖੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਵਾਰਡਾਂ ਵਿਚੋਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੱਡੀਆਂ ਜਿੱਤਾਂ ਦਰਜ ਕਰਵਾਉਣੀਆਂ ਚਾਹੀਦੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਸ਼ਹਿਰ ਦੇ ਵਾਰਡ ਨੰਬਰ 4 ਤੋਂ ਸੁਖਵਿੰਦਰ ਸਿੰਘ ਕਾਲਾ ਅਰੋੜਾ ਤੇ ਵਾਰਡ ਨੰਬਰ 7 ਤੋਂ ਬੀਬੀ ਨੀਨਾ ਸ਼ਾਹੀ ਦੇ ਕਾਗਜ਼ ਐਸ. ਡੀ. ਐਮ. ਅਮਲੋਹ ਮਨਜੀਤ ਸਿੰਘ ਰਾਜਲਾ ਕੋਲ ਦਾਖਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅਮਲੋਹ ਸ਼ਹਿਰ ਦੇ ਸਮੁੱਚੇ ਵੱਖ-ਵੱਖ ਵਾਰਡਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਰਹਿੰਦੇ ਅਧੂਰੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਵਾਉਣ ਲਈ ਇਨ੍ਹਾਂ ਨਗਰ ਕੌਂਸਲ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਸਾਥ ਦੇਣ ਤਾਂ ਜੋ ਅਮਲੋਹ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾ ਸਕੇ।