ਮਾਸਟਰ ਕਾਡਰ ਯੂਨੀਅਨ ਵਲੋਂ ਸੂਬੇ ਭਰ 'ਚ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ
ਪਠਾਨਕੋਟ, 11 ਦਸੰਬਰ (ਸੰਧੂ)-ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਸੱਦੇ ਉਤੇ ਸ਼ੁਰੂ ਕੀਤੇ ਸੰਘਰਸ਼ ਦੀ ਪਹਿਲੀ ਲੜੀ ਤਹਿਤ ਅੱਜ ਸੂਬੇ ਦੇ ਸਮੂਹ ਸਕੂਲਾਂ ਵਿਚ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ ਤਾਂ ਜੋ ਸਰਕਾਰ ਨੂੰ ਅਧਿਆਪਕ ਵਰਗ ਨੂੰ ਲਾਏ ਜਾ ਰਹੇ ਆਰਥਿਕ ਖੋਰੇ ਦਾ ਵਿਰੋਧ ਕੀਤਾ ਜਾ ਸਕੇ। ਇਸੇ ਐਕਸ਼ਨ ਤਹਿਤ ਜ਼ਿਲ੍ਹਾ ਪਠਾਨਕੋਟ ਵਿਖੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ ਦੀ ਅਗਵਾਈ ਵਿਚ ਜ਼ਿਲ੍ਹੇ ਦੇ ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ, ਜ਼ਿਲ੍ਹਾ ਆਗੂ ਰਾਕੇਸ਼ ਮਹਾਜਨ ਨੇ ਕਿਹਾ ਕਿ 11 ਫੀਸਦੀ ਡੀ. ਏ. ਦੀ ਅਦਾਇਗੀ, ਤਨਖਾਹ ਕਮਿਸ਼ਨ ਦਾ ਏਰੀਅਰ, 4-9-14 ਦੀ ਬਹਾਲੀ, ਪੇਂਡੂ ਅਤੇ ਬਾਰਡਰ ਭੱਤਾ ਬਹਾਲ ਕਰਨਾ, 2.59 ਦਾ ਗੁਣਾਂਕ, ਪੁਰਾਣੀ ਪੈਨਸ਼ਨ ਬਹਾਲੀ ਅਤੇ ਐਸ. ਐਸ. ਏ. /ਰਮਸਾ ਅਧਿਆਪਕਾਂ ਨੂੰ ਸਰਵਿਸ ਅਨੁਸਾਰ 15 ਛੁੱਟੀਆਂ ਦਾ ਪੱਤਰ ਜਾਰੀ ਕਰਨਾ ਸਮੇਤ ਕਈ ਵਿੱਤੀ ਮੰਗਾਂ ਉਤੇ ਸਰਕਾਰ ਚੁੱਪੀ ਧਾਰੀ ਬੈਠੀ ਹੈ, ਸੋ ਇਸ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਸਮੂਹ ਕਾਡਰਾਂ ਵਲੋਂ ਪੂਰੇ ਪੰਜਾਬ ਦੇ ਸਕੂਲਾਂ ਵਿਚ ਇਹ ਰੋਸ ਕੀਤਾ ਗਿਆ।