ਗੁਰੂਹਰਸਹਾਏ ਦੇ ਵਾਰਡ ਨੰਬਰ 15 ਲਈ ਅਜੇ ਤੱਕ ਕੋਈ ਨਾਮਜ਼ਦਗੀ ਦਾਖਲ ਨਹੀਂ ਹੋਈ
ਗੁਰੂਹਰਸਹਾਏ (ਫਿਰੋਜ਼ਪੁਰ), 10 ਦਸੰਬਰ (ਹਰਚਰਨ ਸਿੰਘ ਸੰਧੂ)-ਚੋਣ ਕਮਿਸ਼ਨ ਪੰਜਾਬ ਵਲੋਂ 21 ਦਸੰਬਰ ਨੂੰ ਸੂਬੇ ਭਰ ’ਚ ਨਗਰ ਨਿਗਮ ਤੇ ਕੌਂਸਲ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਨਗਰ ਕੌਂਸਲ ਗੁਰੂਹਰਸਹਾਏ ਦੇ ਵਾਰਡ ਨੰਬਰ 15 ਦੀ ਵੀ ਚੋਣ ਹੋਣ ਜਾ ਰਹੀ ਹੈ। ਚੋਣ ਪ੍ਰੋਗਰਾਮ ਅਨੁਸਾਰ ਇਸ ਵਾਰਡ ਲਈ ਨਾਮਜ਼ਦਗੀਆਂ 9 ਦਸੰਬਰ ਤੋਂ ਸ਼ੁਰੂ ਹੋ ਕੇ 12 ਦਸੰਬਰ ਤੱਕ ਤਹਿਸੀਲਦਾਰ ਦਫ਼ਤਰ ਗੁਰੂਹਰਸਹਾਏ ਵਿਖੇ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ ਪਰ ਪਹਿਲੇ 2 ਦਿਨਾਂ ਵਿਚ ਇਸ ਵਾਰਡ ਲਈ ਕੋਈ ਵੀ ਨਾਮਜ਼ਦਗੀ ਦਾਖਲ ਨਹੀਂ ਕੀਤੀ ਗਈ। 'ਅਜੀਤ' ਵਲੋਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੋਣ ਪ੍ਰੋਗਰਾਮ ਅਨੁਸਾਰ ਇਕਦਮ ਹੀ ਨਾਮਜ਼ਦਗੀ ਦਾਖਲ ਕਰਨ ਦਾ ਐਲਾਨ ਕੀਤਾ ਗਿਆ ਹੈ। ਚੋਣ ਲੜਣ ਦੇ ਚਾਹਵਾਨ ਕਾਗਜ਼ ਪੱਤਰ ਪੂਰੇ ਕਰਵਾ ਰਹੇ ਹਨ। ਗੁਰੂਹਰਸਹਾਏ ਵਾਰਡ ਨੰਬਰ 15 ਦੇ ਐਮ.ਸੀ. ਦੀ ਬੀਤੇ ਸਮੇਂ ਮੌਤ ਹੋ ਗਈ ਸੀ, ਜਿਸ ਕਾਰਨ ਇਥੇ ਐਮ.ਸੀ. ਦੀ ਜਗ੍ਹਾ ਖਾਲੀ ਸੀ। ਦੱਸਣਯੋਗ ਹੈ ਕਿ ਇਸ ਵਾਰਡ ਅੰਦਰ ਕੁਲ 1126 ਵੋਟਾਂ ਹਨ, ਜਿਨ੍ਹਾਂ ਵਿਚ 524 ਇਸਤਰੀ ਅਤੇ 602 ਮਰਦ ਸ਼ਾਮਿਲ ਹਨ।