ਨਸ਼ਾ ਵੇਚਣ ਤੋਂ ਰੋਕਣ ’ਤੇ ਵਿਅਕਤੀ ਨੂੰ ਫਾਇਰ ਮਾਰ ਕੇ ਕੀਤਾ ਜ਼ਖਮੀ, 3 ਨਾਮਜ਼ਦ
ਗੁਰੂਹਰਸਹਾਏ (ਫਿਰੋਜ਼ਪੁਰ), 9 ਦਸੰਬਰ (ਕਪਿਲ ਕੰਧਾਰੀ)-ਪਿੰਡ ਫਤਿਹਗੜ੍ਹ ਗਹਿਰੀ ਵਿਖੇ ਇਕ ਵਿਅਕਤੀ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਮਾਰ ਕੇ ਜ਼ਖਮੀ ਕਰ ਦੇਣ ਦੀ ਖਬਰ ਪ੍ਰਾਪਤ ਹੋਈ ਹੈ, ਜਿਸ ਸੰਬੰਧੀ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਏ.ਐਸ.ਆਈ. ਮਹਿਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਤੇ ਬਿਆਨਾਂ ਵਿਚ ਮਲਕੀਤ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਫਤਿਹਗੜ੍ਹ ਗਹਿਰੀ ਨੇ ਕਿਹਾ ਕਿ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੰਮ ਲਈ ਲੈਪੋ ਜਾ ਰਿਹਾ ਸੀ ਤਾਂ ਪਿੰਡ ਤੋਂ ਥੋੜ੍ਹੀ ਦੂਰੀ ’ਤੇ ਸੁਖਦੇਵ ਸਿੰਘ, ਜਗਦੇਵ ਸਿੰਘ ਉਰਫ ਜੱਸਾ ਅਤੇ ਸੁਰਜੀਤ ਸਿੰਘ ਉਰਫ ਸ਼ੀਰਾ ਆਦਿ ਨੇ ਉਸਨੂੰ ਰੋਕ ਲਿਆ ਤੇ ਸੁਖਦੇਵ ਸਿੰਘ ਨੇ ਪਿਸਤੌਲ ਨਾਲ ਉਸਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ, ਜੋ ਉਸਦੀ ਬਾਂਹ ’ਤੇ ਲੱਗਾ ਤੇ ਦੋਸ਼ੀ ਉਥੋਂ ਫਰਾਰ ਹੋ ਗਏ। ਮਲਕੀਤ ਸਿੰਘ ਅਨੁਸਾਰ ਦੋਸ਼ੀ ਨਸ਼ਾ ਵੇਚਦੇ ਹਨ ਤੇ ਉਸਨੇ ਦੋਸ਼ੀਆਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਸੀ, ਜਿਸ ਕਾਰਨ ਦੋਸ਼ੀਆਂ ਨੇ ਮੁੱਦਈ ਉਪਰ ਜਾਨਲੇਵਾ ਹਮਲਾ ਕੀਤਾ।