ਪਿੰਡ ਕੋਹਾਲੀ ਵਿਖੇ ਕੀਤਾ ਗਿਆ ਬੀ.ਐਸ.ਐਫ. ਜਵਾਨ ਦਾ ਅੰਤਿਮ ਸੰਸਕਾਰ
ਰਾਮਤੀਰਥ (ਅੰਮ੍ਰਿਤਸਰ), 9 ਦਸੰਬਰ (ਧਰਵਿੰਦਰ ਸਿੰਘ ਔਲਖ)-ਪਿੰਡ ਕੋਹਾਲੀ ਦੇ ਜੰਮਪਲ ਬੀ.ਐਸ.ਐਫ. ਦੇ ਜਵਾਨ ਸਾਹਿਬ ਸਿੰਘ (40) ਪੁੱਤਰ ਸ਼ਹੀਦ ਬਲਵੰਤ ਸਿੰਘ ਦੀ ਬੀਤੇ ਦਿਨੀਂ ਜੰਮੂ ਵਿਖੇ ਦਿਲ ਦੇ ਦੌਰੇ ਨਾਲ ਦੁਖਦਾਈ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਉਹ 15 ਦਿਨ ਦੀ ਛੁੱਟੀ ਕੱਟ ਕੇ ਕਰੀਬ 20 ਦਿਨ ਪਹਿਲਾਂ ਹੀ ਪਿੰਡੋਂ ਪਰਿਵਾਰ ਸਮੇਤ ਆਪਣੀ ਡਿਊਟੀ ਉਤੇ ਹਾਜ਼ਰ ਹੋਇਆ ਸੀ। 107 ਬਟਾਲੀਅਨ ਦਾ ਜਵਾਨ ਸਾਹਿਬ ਸਿੰਘ ਪਿਛਲੇ 4-5 ਸਾਲ ਤੋਂ ਵੈਸਟ ਬੰਗਾਲ ਵਿਚ ਡਿਊਟੀ ਨਿਭਾਅ ਰਿਹਾ ਸੀ ਅਤੇ ਹੁਣ ਉਸਦੀ ਬਦਲੀ ਜੰਮੂ ਵਿਖੇ ਹੋ ਗਈ ਸੀ, ਜਿਥੇ ਉਹ ਆਪਣੀ ਪਤਨੀ ਅਤੇ 5 ਸਾਲ ਦੇ ਬੇਟੇ ਨਾਲ ਰਹਿ ਰਿਹਾ ਸੀ। 7 ਦਸੰਬਰ ਦੀ ਰਾਤ ਨੂੰ ਕਰੀਬ ਸਾਢੇ 12 ਵਜੇ ਉਸ ਨੂੰ ਦਿਲ ਦਾ ਦੌਰਾ ਪਿਆ, ਜੋ ਉਸ ਲਈ ਜਾਨਲੇਵਾ ਸਾਬਤ ਹੋਇਆ। ਬੀਤੀ ਰਾਤ ਕਰੀਬ 12 ਵਜੇ ਉਸਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਕੋਹਾਲੀ ਵਿਖੇ ਪਹੁੰਚੀ। ਅੱਜ ਪਿੰਡ ਕੋਹਾਲੀ ਦੇ ਸ਼ਮਸ਼ਾਨਘਾਟ ਵਿਖੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ 107 ਬਟਾਲੀਅਨ ਦੇ ਜਵਾਨਾਂ ਨੇ ਉਸ ਦੀ ਮ੍ਰਿਤਕ ਦੇਹ ਨੂੰ ਸਲਾਮੀ ਦਿੱਤੀ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਜਵਾਨ ਦੇ ਪਿਤਾ ਸ਼ਹੀਦ ਬਲਵੰਤ ਸਿੰਘ ਏ.ਐਸ. ਆਈ. ਬੀ.ਐਸ.ਐਫ. ਦੀ ਵੀ ਕਾਰਗਿਲ ਵਿਖੇ ਸ਼ਹਾਦਤ ਹੋਈ ਸੀ। ਸਾਹਿਬ ਸਿੰਘ ਦੇ ਵੱਡੇ ਭਰਾ ਸਤਨਾਮ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਹੁਣ ਉਹ ਦੋ ਭੈਣਾਂ ਦਾ ਇਕਲੌਤਾ ਵੀਰ ਸੀ।