ਡੀ.ਆਈ.ਜੀ. ਪਟਿਆਲਾ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਨੂੰ ਮਿਲਣ ਪਹੁੰਚੇ
ਸ਼ੁਤਰਾਣਾ (ਪਟਿਆਲਾ), 9 ਦਸੰਬਰ (ਬਲਦੇਵ ਸਿੰਘ ਮਹਿਰੋਕ)- ਢਾਬੀਗੁੱਜਰਾਂ (ਖਨੌਰੀ) ਬਾਰਡਰ ਉੱਪਰ ਪਿਛਲੇ 13 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਡੀ.ਆਈ.ਜੀ. ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਅੱਜ ਬਾਰਡਰ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ ਕੀਤੀ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਮਸਲੇ ’ਤੇ ਉਨ੍ਹਾਂ ਨਾਲ ਗੱਲ ਬਿਲਕੁਲ ਨਾ ਕੀਤੀ ਜਾਵੇ। ਇਸ ਉਪਰੰਤ ਡੀ.ਆਈ.ਜੀ. ਸ. ਸਿੱਧੂ ਨੇ ਇਥੇ ਅੰਦੋਲਨ ਵਿਚ ਮੌਜੂਦ ਬਲਦੇਵ ਸਿੰਘ ਸਿਰਸਾ ਸਮੇਤ ਕੁਝ ਕਿਸਾਨ ਆਗੂਆਂ ਨਾਲ ਅੰਦੋਲਨ ਦੇ ਨੇੜੇ ਹੀ ਇਕ ਨਿੱਜੀ ਹਵੇਲੀ ਵਿਚ ਮੀਟਿੰਗ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਆਈ.ਜੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਹ ਸ. ਡੱਲੇਵਾਲ ਨੂੰ ਮਿਲਣ ਲਈ ਆਏ ਸਨ ਕਿਉਂਕਿ ਉਹ ਸ. ਡੱਲੇਵਾਲ ਦੇ ਪੁਰਾਣੇ ਵਾਕਿਫ਼ ਹਨ। ਸ. ਸਿੱਧੂ ਨੇ ਕਿਹਾ ਕਿ ਡੀ.ਜੀ.ਪੀ. ਪੰਜਾਬ ਅਤੇ ਸਰਕਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸੰਬੰਧੀ ਕਾਫ਼ੀ ਚਿੰਤਿਤ ਹਨ।