ਅੱਜ ਸੈਣੀ ਸਰਕਾਰ ਦੀ ਦੇਸ਼ ਵਿਚ ਹੋ ਰਹੀ ਹੈ ਸ਼ਲਾਘਾ- ਪ੍ਰਧਾਨ ਮੰਤਰੀ
ਪਾਣੀਪਤ, 9 ਦਸੰਬਰ- ਐਲ.ਆਈ.ਸੀ. ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਸੰਬੋਧਨ ਦੀ ਸ਼ੁਰੂਆਤ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਔਰਤਾਂ ਦੇ ਵਿਕਾਸ ਦੀ ਦਿਸ਼ਾ ਵਿਚ ਇਕ ਹੋਰ ਮਜ਼ਬੂਤ ਕਦਮ ਚੁੱਕ ਰਿਹਾ ਹੈ। ਅੱਜ ਦਾ ਦਿਨ ਹੋਰ ਕਾਰਨਾਂ ਕਰਕੇ ਵੀ ਖਾਸ ਹੈ। ਅੱਜ 9 ਤਰੀਕ ਹੈ। ਸ਼ਾਸਤਰਾਂ ਵਿਚ ਨੌਂ ਨੰਬਰ ਨੂੰ ਬਹੁਤ ਸ਼ੁਭ ਮੰਨਿਆ ਗਿਆ ਹੈ। ਨੌਂ ਨੰਬਰ ਦਾ ਸੰਬੰਧ ਨਵ ਦੁਰਗਾ ਦੀਆਂ ਨੌਂ ਸ਼ਕਤੀਆਂ ਨਾਲ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਮਹਿਲਾ ਸਸ਼ਕਤੀਕਰਨ ਲਈ ਬੇਮਿਸਾਲ ਕਦਮ ਚੁੱਕੇ ਹਨ। ਅੱਜ ਮੈਨੂੰ ਬੀਮਾ ਸਖੀ ਯੋਜਨਾ ਦਾ ਉਦਘਾਟਨ ਕਰਦੇ ਹੋਏ ਅਤੇ ਪਾਣੀਪਤ, ਹਰਿਆਣਾ ਵਿਚ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਲਗਾਤਾਰ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ, ਇਸ ਦੇ ਲਈ ਮੈਂ ਹਰਿਆਣਾ ਦੇ ਹਰ ਪਰਿਵਾਰ ਦੇ ਮੈਂਬਰ ਨੂੰ ਸਲਾਮ ਕਰਦਾ ਹਾਂ। ਸੈਣੀ ਦੀ ਨਵੀਂ ਸਰਕਾਰ ਬਣੇ ਨੂੰ ਅਜੇ ਕੁਝ ਹਫ਼ਤੇ ਹੀ ਹੋਏ ਹਨ ਅਤੇ ਦੇਸ਼ ਭਰ ਵਿਚ ਉਨ੍ਹਾਂ ਦੀ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਤੁਰੰਤ ਬਾਅਦ ਜਿਸ ਤਰ੍ਹਾਂ ਹਜ਼ਾਰਾਂ ਨੌਜਵਾਨਾਂ ਨੂੰ ਬਿਨਾਂ ਕਿਸੇ ਪਰਚੀ ਅਤੇ ਬਿਨਾਂ ਕਿਸੇ ਖਰਚੇ ਦੇ ਪੱਕੀ ਨੌਕਰੀਆਂ ਮਿਲੀਆਂ ਹਨ, ਉਹ ਦੇਸ਼ ਨੇ ਦੇਖਿਆ ਹੈ। ਹੁਣ ਡਬਲ ਇੰਜਣ ਵਾਲੀ ਸਰਕਾਰ ਦੁੱਗਣੀ ਰਫ਼ਤਾਰ ਨਾਲ ਕੰਮ ਕਰ ਰਹੀ ਹੈ। ਚੋਣਾਂ ਦੌਰਾਨ ਤੁਸੀਂ ਸਾਰੀਆਂ ਮਾਵਾਂ-ਭੈਣਾਂ ਨੇ ‘ਮਾਰਾ ਹਰਿਆਣਾ, ਨਾਨ ਸਟਾਪ ਹਰਿਆਣਾ’ ਦਾ ਨਾਅਰਾ ਦਿੱਤਾ ਸੀ। ਅਸੀਂ ਸਾਰਿਆਂ ਨੇ ਉਸ ਨਾਅਰੇ ਨੂੰ ਆਪਣਾ ਮਤਾ ਬਣਾਇਆ ਹੈ। ਇਸੇ ਸੰਕਲਪ ਨਾਲ ਮੈਂ ਅੱਜ ਸਾਰਿਆਂ ਨੂੰ ਮਿਲਣ ਆਇਆ ਹਾਂ।