ਅਕਾਲੀ ਦਲ ਦੀ ਸੰਜਮੀ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਵਿਚ ਆਪ ਸਰਕਾਰ ਵੀ ਸ਼ਾਮਿਲ- ਡਾ. ਦਲਜੀਤ ਸਿੰਘ ਚੀਮਾ
ਤਲਵੰਡੀ ਸਾਬੋ, (ਬਠਿੰਡਾ), 9 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਦੀ ਸਾਜ਼ਿਸ਼ ’ਤੇ ਪਰਦਾ ਪਾਉਣ ਲਈ ਝੂਠੀ ਐਫ. ਆਈ. ਆਰ. ਦਰਜ ਕਰ ਕੇ ਕਵਰ ਅਪ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਐਫ. ਆਈ. ਆਰ. ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਨੂੰ ‘ਸੰਗਤ’ ਦਾ ਮੈਂਬਰ ਦੱਸਿਆ ਗਿਆ ਹੈ ਤੇ ਸਾਰੀ ਘਟਨਾ ਨੂੰ ਛੁਪਾਉਣ ਵਾਸਤੇ ਇਸ ਨੂੰ ‘ਹਵਾਈ ਫਾਇਰ’ ਦਾ ਨਾਂਅ ਦਿੱਤਾ ਗਿਆ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਡਾ. ਦਲਜੀਤ ਸਿੰਘ ਚੀਮਾ ਨੇ ਐਫ਼. ਆਈ. ਆਰ. ਨੂੰ ਰੱਦ ਕਰਦਿਆਂ ਇਸ ਨੂੰ ਇਕ ਚਾਲਾਕੀ ਭਰੀ ਮੁਹਿੰਮ ਕਰਾਰ ਦਿੱਤਾ, ਜਿਸਦਾ ਮਕਸਦ ਹਮਲਾਵਰ ਦੀ ਪੁਸ਼ਤਪਨਾਹੀ ਕਰਨ ਵਾਲੇ ਪੰਜਾਬ ਪੁਲਿਸ ਅਫਸਰਾਂ ਦੀ ਭੂਮਿਕਾ ’ਤੇ ਪਰਦਾ ਪਾਉਣਾ ਹੈ। ਉਹਨਾਂ ਕਿਹਾ ਕਿ ਹੁਣ ਸਪੱਸ਼ਟ ਹੋ ਗਿਆ ਹੈ ਕਿ ਆਪ ਸਰਕਾਰ ਸੰਜਮੀ ਸਿੱਖ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਪੂਰਾ ਜ਼ੋਰ ਲਗਾ ਦਿੱਤਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਨੂੰ ਖ਼ਤਮ ਕਰਨ ਦੀ ਇਸ ਡੂੰਘੀ ਸਾਜ਼ਿਸ਼ ਦਾ ਸੱਚ ਕਦੇ ਬਾਹਰ ਹੀ ਨਾ ਆ ਸਕੇ।