ਮਹਾਰਾਸ਼ਟਰ: ਅਸੀਂ ਇਕਜੁੱਟ ਰਹਾਂਗੇ ਤਾਂ ਸੁਰੱਖਿਅਤ ਰਹਾਂਗੇ- ਪ੍ਰਧਾਨ ਮੰਤਰੀ
ਧੂਲੇ, (ਮਹਾਰਾਸ਼ਟਰ), 8 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ। ਧੂਲੇ ’ਚ 50 ਮਿੰਟ ਦੇ ਭਾਸ਼ਣ ’ਚ ਮੋਦੀ ਨੇ ਮਹਾ ਵਿਕਾਸ ਅਗਾੜੀ (ਐੱਮ.ਵੀ.ਏ.), ਕਾਂਗਰਸ ਦੇ ਵੱਖਵਾਦ, ਮਹਾਰਾਸ਼ਟਰ ਦੇ ਵਿਕਾਸ, ਆਦਿਵਾਸੀਆਂ ਅਤੇ ਔਰਤਾਂ ’ਤੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ ਇਕਜੁੱਟ ਰਹਾਂਗੇ ਤਾਂ ਸੁਰੱਖਿਅਤ ਰਹਾਂਗੇ। ਪਹਿਲਾਂ ਧਰਮ ਦੇ ਨਾਂਅ ’ਤੇ ਲੜਦੇ ਸਨ। ਇਸ ਕਾਰਨ ਦੇਸ਼ ਦੀ ਵੰਡ ਹੋਈ ਤੇ ਹੁਣ ਉਹ ਜਾਤਾਂ ਨੂੰ ਆਪਸ ਵਿਚ ਲੜਾਉਣ ਦਾ ਕੰਮ ਕਰ ਰਹੇ ਹਨ। ਇਹ ਭਾਰਤ ਵਿਰੁੱਧ ਸਾਜ਼ਿਸ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਹਾਗਠਜੋੜ ਦੀ ਗੱਡੀ ਦੇ ਨਾ ਤਾਂ ਪਹੀਏ ਹਨ ਅਤੇ ਨਾ ਹੀ ਬ੍ਰੇਕ ਹਨ ਅਤੇ ਡਰਾਈਵਰ ਸੀਟ ’ਤੇ ਬੈਠਣ ਲਈ ਲੜਾਈ ਹੁੰਦੀ ਹੈ। ਚਾਰੇ ਪਾਸੇ ਤੋਂ ਵੱਖੋ-ਵੱਖਰੇ ਸੁਰ ਸੁਣਾਈ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮਹਾਰਾਸ਼ਟਰ ਨਾਲ ਮੇਰੀ ਸਾਂਝ ਨੂੰ ਤੁਸੀਂ ਸਾਰੇ ਜਾਣਦੇ ਹੋ। ਜਦੋਂ ਵੀ ਮੈਂ ਮਹਾਰਾਸ਼ਟਰ ਤੋਂ ਕੁਝ ਮੰਗਿਆ ਹੈ ਤਾਂ ਇੱਥੋਂ ਦੇ ਲੋਕਾਂ ਨੇ ਮੈਨੂੰ ਦਿਲੋਂ ਆਸ਼ੀਰਵਾਦ ਦਿੱਤਾ ਹੈ। ਮੈਂ ਇੱਥੇ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਇਆ ਸੀ। ਮੈਂ ਤੁਹਾਨੂੰ ਮਹਾਰਾਸ਼ਟਰ ਵਿਚ ਭਾਜਪਾ ਦੀ ਸਰਕਾਰ ਬਣਾਉਣ ਲਈ ਬੇਨਤੀ ਕੀਤੀ ਸੀ। ਤੁਸੀਂ ਸੂਬੇ ਦੇ 15 ਸਾਲਾਂ ਦੇ ਲੰਬੇ ਸਿਆਸੀ ਚੱਕਰ ਨੂੰ ਤੋੜ ਕੇ ਭਾਜਪਾ ਨੂੰ ਜਿੱਤ ਵੱਲ ਲੈ ਗਏ। ਅੱਜ ਮੈਂ ਧੂਲੇ ਦੀ ਧਰਤੀ ਤੋਂ ਮਹਾਰਾਸ਼ਟਰ ਵਿਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਰਿਹਾ ਹਾਂ।