ਸ. ਸੁਖਬੀਰ ਸਿੰਘ ਬਾਦਲ 'ਤੇ ਕੀਤਾ ਹਮਲਾ ਹਰਿਮੰਦਰ ਸਾਹਿਬ 'ਤੇ ਹਮਲਾ ਮੰਨਿਆ ਜਾਵੇ - ਜਸਵੀਰ ਸਿੰਘ ਗੜ੍ਹੀ
ਸੜੋਆ, 4 ਦਸੰਬਰ (ਸਹੂੰਗੜਾ)-ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਵੀਡੀਓ ਬਿਆਨ ਰਾਹੀਂ ਕਿਹਾ ਕਿ ਸੁਖਬੀਰ ਬਾਦਲ ਉਤੇ ਕੀਤਾ ਹਮਲਾ ਹਰਿਮੰਦਰ ਸਾਹਿਬ ਉਤੇ ਹਮਲਾ ਮੰਨਿਆ ਜਾਵੇ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਜ਼ਾਫਤਾ ਸੇਵਾ ਕਰ ਰਹੇ ਸੇਵਾਦਾਰ ਸੁਖਬੀਰ ਸਿੰਘ ਬਾਦਲ ਅੱਜ ਪੰਥ ਦੀ ਚਾਕਰੀ ਕਰ ਰਹੇ ਸਨ। ਕਾਂਗਰਸੀ ਪਰਿਵਾਰ ਨਾਲ ਜੁੜੇ ਦੋਸ਼ੀ ਨਰਾਇਣ ਸਿੰਘ ਨੇ ਨਰੈਣੂ ਮਹੰਤ ਦੀ ਯਾਦ ਕਰਵਾ ਦਿੱਤੀ ਹੈ। ਦਰਬਾਰ ਸਾਹਿਬ ਦੇ ਮੁੱਖ ਗੇਟ 'ਤੇ ਵੱਜੀ ਗੋਲੀ ਨਾਲ ਇਤਿਹਾਸ ਦੇ 8 ਹਮਲੇ ਯਾਦ ਹੋਏ ਜੋ ਕਿ 1737, 1757, 1762, 1764, 1955, 1984, 1986 ਤੇ 1988 ਦੇ ਸਾਲ ਵਿਚ ਹੋਏ। ਇਨ੍ਹਾਂ 8 ਹਮਲਿਆਂ ਵਿਚ ਗੋਲੀਬਾਰੀ ਹੋਈ ਸੀ ਜੋ ਕਿ ਦਰਬਾਰ ਸਾਹਿਬ ਦੀਆਂ ਕੰਧਾਂ ਵਿਚ ਵੱਜੀਆਂ ਸਨ। ਸ. ਗੜ੍ਹੀ ਨੇ ਕਿਹਾ ਕਿ ਇਹ ਗੋਲ਼ੀ ਪੰਜਾਬ ਦੇ ਸ਼ਾਂਤ ਮਾਹੌਲ, ਭਾਈਚਾਰੇ ਤੇ ਵਿਕਾਸ ਉਤੇ ਚੱਲੀ ਹੈ, ਜਿਸ ਨਾਲ ਮੁੜ ਕਤਲੋਗਾਰਤ ਦਾ ਯੁੱਗ ਸ਼ੁਰੂ ਹੋ ਸਕਦਾ ਹੈ। ਇਹ ਗੋਲੀ ਸ੍ਰੀ ਅਕਾਲ ਤਖਤ ਸਾਹਿਬ ਤੇ ਫੈਸਲੇ ਅਤੇ ਪੰਥ ਦੀ ਸਰਮੌਰਤਾ ਉਤੇ ਵੀ ਚੱਲੀ ਹੈ। ਅਜਿਹਾ ਮੰਨਿਆ ਜਾਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਸ. ਗੜ੍ਹੀ ਨੇ ਕਿਹਾ ਕਿ 24 ਘੰਟਿਆਂ ਵਿਚ ਨਿਆਂਇਕ ਜਾਂਚ ਨਿਯੁਕਤ ਕੀਤੀ ਜਾਣੀ ਚਾਹੀਦੀ ਹੈ।