ਇਟਲੀ 'ਚ ਜਾਨ ਗਵਾਉਣ ਵਾਲੇ ਇਕਲੌਤੇ ਪੁੱਤਰ ਤੇ ਪਿਤਾ ਦਾ ਇਕੋ ਸਮੇਂ ਹੋਇਆ ਅੰਤਿਮ ਸੰਸਕਾਰ
ਅਜਨਾਲਾ (ਅੰਮ੍ਰਿਤਸਰ), 4 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਇਟਲੀ ਵਿਖੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਵਾਲੇ ਮਾਪਿਆਂ ਦੇ ਇਕਲੌਤੇ ਪੁੱਤਰ ਸੁਖਜਿੰਦਰ ਸਿੰਘ ਸ਼ੇਰਾ ਅਤੇ ਉਸਦੇ ਪਿਤਾ ਕੁਲਵੰਤ ਸਿੰਘ ਦਾ ਅੱਜ ਅਜਨਾਲਾ ਨੇੜਲੇ ਪਿੰਡ ਬੋਹਲੀਆਂ ਵਿਖੇ ਗਮਗੀਨ ਮਾਹੌਲ ਦੌਰਾਨ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਵੇਂ ਹੀ ਦੋਵਾਂ ਪਿਤਾ-ਪੁੱਤਰਾਂ ਦੇ ਮ੍ਰਿਤਕ ਸਰੀਰ ਸ਼ਮਸ਼ਾਨਘਾਟ ਪਹੁੰਚੇ ਤਾਂ ਉਸ ਸਮੇਂ ਹਰ ਅੱਖ ਨਮ ਸੀ। ਦੱਸ ਦਈਏ ਕਿ ਪੁੱਤਰ ਸੁਖਜਿੰਦਰ ਸਿੰਘ ਸ਼ੇਰਾ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਉਸਦੇ ਪਿਤਾ ਕੁਲਵੰਤ ਸਿੰਘ ਦੀ ਵੀ ਬੀਤੇ ਕੱਲ ਮੌਤ ਹੋ ਗਈ ਸੀ। ਕੱਲ ਸ਼ਾਮ ਸਮੇਂ ਸੁਖਜਿੰਦਰ ਸਿੰਘ ਸ਼ੇਰਾ ਦੀ ਮ੍ਰਿਤਕ ਦੇਹ ਇਟਲੀ ਤੋਂ ਪਿੰਡ ਆਉਣ ਉਪਰੰਤ ਅੱਜ ਪਿੰਡ ਬੋਹਲੀਆਂ ਦੇ ਸ਼ਮਸ਼ਾਨਘਾਟ ਵਿਖੇ ਦੋਵਾਂ ਦਾ ਇਕੋ ਸਮੇਂ ਅੰਤਿਮ ਸੰਸਕਾਰ ਕੀਤਾ ਗਿਆI