ਫਤਿਹਗੜ੍ਹ ਸਾਹਿਬ ਪੁਲਿਸ ਨੇ ਸਿਮਰਨਜੀਤ ਸਿੰਘ ਮਾਨ ਨੂੰ ਘਰ ਵਿਚ ਹੀ ਕੀਤਾ ਨਜ਼ਰਬੰਦ
ਫਤਿਹਗੜ੍ਹ ਸਾਹਿਬ, 3 ਦਸੰਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਉਨ੍ਹਾਂ ਦੀ ਫਤਿਹਗੜ੍ਹ ਸਾਹਿਬ ਸਥਿਤ ਰਿਹਾਇਸ਼ ’ਤੇ ਪੁਲਿਸ ਵਲੋਂ ਘਰ ਵਿਚ ਹੀ ਨਜ਼ਰਬੰਦ ਕਰ ਲਿਆ ਗਿਆ ਹੈ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੇ ਲੁਧਿਆਣਾ ਦੇ ਗੰਦੇ ਨਾਲੇ ਨੂੰ ਬੰਦ ਕਰਾਉਣ ਦੇ ਮਨੋਰਥ ਨਾਲ ਲੱਖਾ ਸਿਧਾਣਾ ਵਲੋਂ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿਚ ਸ਼ਾਮਿਲ ਹੋਣਾ ਸੀ। ਇਸ ਮੌਕੇ ਬੋਲਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਪੁਲਿਸ ਵਲੋਂ ਇਸ ਮਾਰਚ ਵਿਚ ਸ਼ਾਮਿਲ ਹੋਣ ਤੋਂ ਰੋਕਣ ਲਈ ਘਰ ਵਿਚ ਹੀ ਨਜ਼ਰਦਬੰਦ ਕੀਤਾ ਗਿਆ ਹੈ ਪ੍ਰੰਤੂ ਫਿਰ ਵੀ ਉਹ ਆਪਣੀ ਆਵਾਜ਼ ਮੀਡੀਆ ਬੁਲੰਦ ਕਰਦੇ ਰਹਿਣਗੇ ਕਿਉਂਕਿ ਜੋ ਇਹ ਗੰਦੇ ਨਾਲੇ ਦਾ ਪਾਣੀ ਹੈ, ਇਸ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਕਈ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ।