ਲੋਕਾਂ ਵਲੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਅਣਮਿਥੇ ਲਈ ਠੇਕੇ ਅੱਗੇ ਧਰਨਾ
ਜੈਤੋ (ਫ਼ਰੀਦਕੋਟ), 29 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ ਦੇ ਸ੍ਰੀ ਮੁਕਤਸਰ ਰੋਡ ’ਤੇ ਸਥਿਤ 2 ਨਿੱਜੀ ਸਕੂਲਾਂ ਅਤੇ ਦਿਹਾਤੀ ਕੋਠਿਆਂ ਦੀ ਵਸੋਂ ਵਿਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਚੁਕਵਾਉਣ ਲਈ ਲੋਕਾਂ ਵਲੋਂ ਠੇਕੇ ਦੇ ਅੱਗੇ ਧਰਨਾ ਲਗਾਕੇ ਸਰਕਾਰ ਤੇ ਪ੍ਰਸ਼ਾਸ਼ਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਕਈ ਵਾਰ ਪੰਜਾਬ ਸਰਕਾਰ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਸਥਾਨਕ ਪ੍ਰਸ਼ਾਸ਼ਨ ਨੂੰ ਲਿਖਤੀ ਸ਼ਿਕਾਇਤਾਂ ਦੇਣ ਤੇ ਮਿਲਣ ਉਪਰੰਤ ਵੀ ਉਕਤ ਠੇਕੇ ਨੂੰ ਨਹੀਂ ਚੁਕਵਾਇਆ ਜਾ ਰਿਹਾ ਹੈ, ਜਿਸ ਦੇ ਕਾਰਨ ਉਨ੍ਹਾਂ ਨੂੰ ਮਜਬੂਰਨ ਸ਼ਰਾਬ ਦੇ ਠੇਕੇ ਅੱਗੇ ਧਰਨਾ ਲਗਾਉਣਾ ਪਿਆ ਹੈ। ਸ਼ਰਾਬ ਪੀਣ ਵਾਲੇ ਵਿਅਕਤੀ ਸ਼ਰਾਬ ਪੀ ਕੇ ਹੁੱਲ੍ਹੜਬਾਜ਼ੀ ਅਕਸਰ ਕਰਦੇ ਰਹਿੰਦੇ ਹਨ, ਜਿਸ ਕਰਕੇ ਲੰਘਣ ਵਾਲੇ ਸਕੂਲੀ ਬੱਚਿਆਂ, ਔਰਤਾਂ ਤੇ ਵਿਅਕਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸ਼ਰਾਬ ਦਾ ਠੇਕੇ ਨੂੰ ਨਹੀਂ ਚੁੱਕਿਆ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।