ਦਵਿੰਦਰ ਬੰਬੀਹਾ ਗੈਂਗ ਦੇ ਦੋ ਮੈਂਬਰ ਹਥਿਆਰਾਂ ਸਮੇਤ ਕਾਬੂ
ਡੇਰਾਬੱਸੀ, 27 ਨਵੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਪੁਲਿਸ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਸਾਂਝੇ ਅਭਿਆਨ ਦੌਰਾਨ ਦਵਿੰਦਰ ਬੰਬੀਹਾ ਗੈਂਗ ਦੇ ਦੋ ਮੈਂਬਰਾਂ ਨੂੰ ਦੋ ਪਿਸਤੋਲਾਂ ਅਤੇ ਸੱਤ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਹਰਿੰਦਰ ਸਿੰਘ ਉਰਫ਼ ਬੋਨਾ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਮਹਿਮਦਪੁਰ ਥਾਣਾ ਡੇਰਾਬਸੀ, ਗੁਰਜਿੰਦਰ ਸਿੰਘ ਉਰਫ਼ ਬੱਬਲ ਪੁੱਤਰ ਸੰਸਾਰ ਸਿੰਘ ਵਾਸੀ ਪਿੰਡ ਬੜਾਨਾ ਥਾਣਾ ਹੰਡੇਸਰਾ ਅਤੇ ਵਿਦੇਸ਼ ਰਹਿੰਦੇ ਕੁਲਵੀਰ ਸਿੰਘ ਉਰਫ਼ ਲਾਲਾ ਵਾਸੀ ਪਿੰਡ ਮਹਿਮਦਪੁਰ ਡੇਰਾਬੱਸੀ ਦੇ ਖਿਲਾਫ਼ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ ਹਰਿੰਦਰ ਸਿੰਘ ਅਤੇ ਗੁਰਜਿੰਦਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਡੀ.ਐਸ.ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗੈਂਗ ਦੇ ਮੈਂਬਰ ਕੁਲਵੀਰ ਸਿੰਘ ਉਰਫ ਲਾਲਾ ਬੈਨੀਪਾਲ, ਜੋ ਕਿ ਵਿਦੇਸ਼ ਵਿਚ ਰਹਿੰਦਾ ਹੈ, ਇਨ੍ਹਾਂ ਨੂੰ ਸਹਿਯੋਗ ਕਰਦਾ ਆ ਰਿਹਾ ਹੈ। ਜਿਸ ਨੇ ਪਹਿਲਾਂ ਦੋ ਵੱਖ-ਵੱਖ ਹਮਲਿਆਂ ਦੀ ਯੋਜਨਾ ਬਣਾਈ ਸੀ। ਇਕ ਫਾਇਨੈਂਸ ਤੇ ਦੂਜਾ ਮੋਹਾਲੀ ਵਿਚ ਇਕ ਵਿਰੋਧੀ ਗਰੋਹ ਦੇ ਮੈਂਬਰ ’ਤੇ ਹਮਲਾ ਕਰਨ ਸਾਜਿਸ਼ ਸੀ । ਮੁਲਜ਼ਮਾਂ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਟ੍ਰਾਈਸਿਟੀ ਖੇਤਰ ਵਿਚ ਕਈ ਵਾਰਦਾਤਾਂ ਨੂੰ ਅੰਜ਼ਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ।