ਵਿਭਾਗ ਸੀ. ਈ. ਪੀ. ਟੈਸਟਿੰਗ ਦੀ ਆੜ ਹੇਠ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ - ਜੀ. ਟੀ. ਯੂ.
ਕੋਟਫ਼ਤੂਹੀ (ਹੁਸ਼ਿਆਰਪੁਰ), 26 ਨਵੰਬਰ (ਅਵਤਾਰ ਸਿੰਘ ਅਟਵਾਲ)-ਹੁਸ਼ਿਆਰਪੁਰ ਜ਼ਿਲ੍ਹੇ ਦਾ ਕੋਟਫ਼ਤੂਹੀ ਬਲਾਕ ਪ੍ਰਾਇਮਰੀ ਅਧਿਆਪਕਾਂ ਦੀ ਘਾਟ ਨਾਲ ਜੂਝ ਰਿਹਾ ਹੈ, ਇਸ ਬਲਾਕ ਦੇ ਕਈ ਸਕੂਲ ਅਜਿਹੇ ਵੀ ਹਨ, ਜਿਥੇ ਕੋਈ ਅਧਿਆਪਕ ਨਹੀਂ ਹੈ ਅਤੇ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੇ ਜਦੋਂ ਆਪਣੀ ਛੁੱਟੀ ਲੈਣੀ ਹੁੰਦੀ ਹੈ ਤਾਂ ਸਕੂਲ ਦਾ ਪ੍ਰਬੰਧ ਕਰਨਾ ਸੈਂਟਰ ਹੈੱਡ ਟੀਚਰਾਂ ਲਈ ਸਿਰਦਰਦ ਬਣ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰ ਯੂਨੀਅਨ ਬਲਾਕ ਕੋਟਫ਼ਤੂਹੀ ਦੇ ਪ੍ਰਧਾਨ ਨਰਿੰਦਰ ਅਜਨੋਹਾ ਨੇ ਈਸਪੁਰ ਵਿਖੇ ਅਧਿਆਪਕਾਂ ਦੀ ਮਹੀਨਾਵਾਰ ਮੀਟਿੰਗ ਵਿਚ ਸਾਂਝੇ ਕਰਦਿਆਂ ਕਿਹਾ ਕਿ ਵਿਭਾਗ ਵਲੋਂ ਚਲਾਇਆ ਜਾ ਰਿਹਾ ਸੀ. ਈ. ਪੀ. ਪ੍ਰੋਜੈਕਟ ਵੀ ਉਦੋਂ ਤੱਕ ਪੂਰਾ ਨਹੀਂ ਹੁੰਦਾ, ਜਦੋਂ ਤੱਕ ਸਕੂਲਾਂ ਵਿਚ ਸਟਾਫ਼ ਪੂਰਾ ਨਹੀਂ ਹੁੰਦਾ। ਉਲਟਾ ਅਜਿਹੇ ਪ੍ਰੋਜੈਕਟਾਂ ਨਾਲ ਅਧਿਆਪਕਾਂ ਨੂੰ ਕਾਫੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗੌਰਮਿੰਟ ਟੀਚਰ ਯੂਨੀਅਨ ਉੱਚ ਅਧਿਕਾਰੀਆਂ ਨੂੰ ਅਪੀਲ ਕਰਦੀ ਹੈ ਕਿ ਕਿਸੇ ਵੀ ਪ੍ਰਕਾਰ ਦੀ ਟੈਸਟਿੰਗ ਲਈ ਪ੍ਰੈਸ਼ਰ ਵਾਲਾ ਵਾਤਾਵਰਣ ਨਾ ਸਿਰਜਿਆ ਜਾਵੇ ਸਗੋਂ ਯੋਗ ਅਗਵਾਈ ਕਰਕੇ ਪ੍ਰੋਜੈਕਟ ਸਿਰੇ ਲਗਾਏ ਜਾਣ।