ਰਾਹੁਲ ਗਾਂਧੀ ਨੇ ਭਾਜਪਾ ’ਤੇ ਸਾਧਿਆ ਨਿਸ਼ਾਨਾ
ਮੁੰਬਈ, 18 ਨਵੰਬਰ- ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ 2 ਦਿਨ ਪਹਿਲਾਂ ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਮੁੰਬਈ ’ਚ ਇਕ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਵਿਚ ਉਨ੍ਹਾਂ ਨੇ ਮੁੰਬਈ ਵਿਚ ਧਾਰਾਵੀ ਦੇ ਪੁਨਰ ਵਿਕਾਸ ਪ੍ਰੋਜੈਕਟ ਨੂੰ ਲੈ ਕੇ ਭਾਜਪਾ ਸਰਕਾਰ ਦੀ ਨੀਤੀ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਇਕ ਸੇਫ ’ਚੋਂ 2 ਪੋਸਟਰ ਕੱਢ ਲਏ। ਇਕ ਪੋਸਟਰ ’ਤੇ ਲਿਖਿਆ ਸੀ ਕਿ ਜੇ ਇਕ ਹਾਂ ਤਾਂ ਸੁਰੱਖਿਅਤ ਹੈ’। ਦੂਜੇ ਪੋਸਟਰ ਵਿਚ ਧਾਰਾਵੀ ਦੀ ਤਸਵੀਰ ਸ਼ਾਮਿਲ ਕੀਤੀ ਗਈ ਸੀ। ਦੋਵੇਂ ਪੋਸਟਰ ਲਹਿਰਾਉਂਦੇ ਹੋਏ ਰਾਹੁਲ ਨੇ ਕਿਹਾ ਕਿ ਭਾਜਪਾ ਧਾਰਾਵੀ ਦੀ ਜ਼ਮੀਨ ਅਡਾਨੀ ਨੂੰ ਦੇਣਾ ਚਾਹੁੰਦੀ ਹੈ। ਜੇਕਰ ਇਕ ਹੈ ਤਾਂ ਸੁਰੱਖਿਅਤ ਹੈ ਮਤਲਬ ਇਕ ਮੋਦੀ ਜੀ, ਅਡਾਨੀ ਜੀ, ਸ਼ਾਹ। ਕੌਣ ਸੁਰੱਖਿਅਤ ਹੈ- ਮੋਦੀ ਜੀ, ਅਡਾਨੀ ਜੀ। ਨੁਕਸਾਨ ਕਿਸ ਨੂੰ ਝੱਲਣਾ ਪਵੇਗਾ - ਜਨਤਾ। ਇਹ ਨਾਅਰਾ ਉਨ੍ਹਾਂ (ਮੋਦੀ ਜੀ) ਦਿੱਤਾ ਹੈ ਤੇ ਬਿਲਕੁੱਲ ਨਾਅਰਾ ਹੈ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਮਹਾਰਾਸ਼ਟਰ ਦਾ ਪੈਸਾ ਮਹਾਰਾਸ਼ਟਰ ਦੇ ਲੋਕਾਂ ਨੂੰ ਦਿੱਤਾ ਜਾਵੇਗਾ ਜਾਂ ਇਕ ਵਿਅਕਤੀ ਨੂੰ। ਕਈ ਪ੍ਰਾਜੈਕਟ ਮਹਾਰਾਸ਼ਟਰ ਤੋਂ ਖੋਹ ਕੇ ਦੂਜੇ ਰਾਜਾਂ ਵਿਚ ਚਲੇ ਗਏ। 7 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਹੜੱਪ ਲਏ ਗਏ। ਮਹਾਰਾਸ਼ਟਰ ਦੀ ਮੌਜੂਦਾ ਸਰਕਾਰ ਨੌਕਰੀਆਂ ਚੋਰੀ ਕਰ ਰਹੀ ਹੈ। 5 ਲੱਖ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਗਿਆ ਹੈ। ਧਾਰਾਵੀ ਦਾ ਭਵਿੱਖ ਸੁਰੱਖਿਅਤ ਨਹੀਂ ਹੈ। ਇਕ ਵਿਅਕਤੀ ਲਈ ਧਾਰਾਵੀ ਤਬਾਹ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਰਬਪਤੀ ਚਾਹੁੰਦੇ ਹਨ ਕਿ ਮੁੰਬਈ ਦੀ ਜ਼ਮੀਨ ਉਨ੍ਹਾਂ ਨੂੰ ਮਿਲੇ, ਇਸ ਲਈ ਉਹ ਇਕ ਲੱਖ ਕਰੋੜ ਰੁਪਏ ਤੱਕ ਦੇਣ ਨੂੰ ਤਿਆਰ ਹਨ ਪਰ ਕਾਂਗਰਸ ਦੀ ਸੋਚ ਹੈ ਕਿ ਮਹਾਰਾਸ਼ਟਰ ਦੀ ਕਿਸਾਨਾਂ, ਗਰੀਬਾਂ ਤੇ ਬੇਰੁਜ਼ਗਾਰਾਂ ਦੀ ਮਦਦ ਕੀਤੀ ਜਾਵੇ।