ਕਾਂਗਰਸ ਦੇਸ਼ ਨੂੰ ਕਮਜ਼ੋਰ ਕਰਨ ਦਾ ਨਹੀਂ ਛੱਡਦੀ ਕੋਈ ਮੌਕਾ- ਪ੍ਰਧਾਨ ਮੰਤਰੀ
ਮਹਾਰਾਸ਼ਟਰ, 12 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਰਾਸ਼ਟਰ ਦੇ ਚੰਦਰਪੁਰ ਪਹੁੰਚੇ। ਇੱਥੇ ਉਨ੍ਹਾਂ ਨੇ ਚਿਮੂਰ ’ਚ ਕਿਹਾ ਕਿ ਕਾਂਗਰਸ ਅਤੇ ਮਹਾਵਿਕਾਸ ਅਗਾੜੀ ਦੇਸ਼ ਨੂੰ ਪਛੜਨ ਅਤੇ ਕਮਜ਼ੋਰ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਕਾਂਗਰਸ ਅਤੇ ਇਸ ਦੇ ਸਹਿਯੋਗੀਆਂ ਨੇ ਤੁਹਾਨੂੰ ਸਿਰਫ਼ ਖੂਨੀ ਖ਼ੇਡ ਹੀ ਦਿੱਤੀ ਹੈ। ਇਹ ਸਾਡੀ ਸਰਕਾਰ ਹੈ, ਜਿਸ ਨੇ ਨਕਸਲਵਾਦ ਨੂੰ ਨੱਥ ਪਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖ਼ਤਮ ਕਰ ਦਿੱਤਾ ਹੈ। ਕਸ਼ਮੀਰ ਨੂੰ ਭਾਰਤ ਅਤੇ ਭਾਰਤ ਦੇ ਸੰਵਿਧਾਨ ਨਾਲ ਪੂਰੀ ਤਰ੍ਹਾਂ ਨਾਲ ਜੋੜਿਆ ਗਿਆ ਹੈ ਪਰ ਕਾਂਗਰਸ ਅਤੇ ਉਸ ਦੇ ਸਹਿਯੋਗੀ ਕਸ਼ਮੀਰ ਵਿਚ 370 ਮੁੜ ਲਾਗੂ ਕਰਨ ਦੇ ਮਤੇ ਪਾਸ ਕਰ ਰਹੇ ਹਨ। ਇਹ ਲੋਕ ਉਹ ਕੰਮ ਕਰ ਰਹੇ ਹਨ ਜੋ ਪਾਕਿਸਤਾਨ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਚੰਦਰਪੁਰ ਦਾ ਇਹ ਖੇਤਰ ਵੀ ਦਹਾਕਿਆਂ ਤੋਂ ਨਕਸਲਵਾਦ ਦੀ ਅੱਗ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਨਕਸਲਵਾਦ ਦੇ ਵਹਿਸ਼ੀ ਚੱਕਰ ਕਾਰਨ ਕਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ। ਹਿੰਸਾ ਦੀ ਖੂਨੀ ਖੇਡ ਜਾਰੀ ਰਹੀ ਤੇ ਉਦਯੋਗਿਕ ਸੰਭਾਵਨਾਵਾਂ ਇੱਥੇ ਮਰ ਗਈਆਂ। ਸਾਡੀ ਸਰਕਾਰ ਨੇ ਨਕਸਲਵਾਦ ਨੂੰ ਕੰਟਰੋਲ ਕੀਤਾ। ਅੱਜ ਇਹ ਸਾਰਾ ਇਲਾਕਾ ਅਜ਼ਾਦ ਸਾਹ ਲੈਣ ਦੇ ਯੋਗ ਹੈ। ਹੁਣ ਚਿਮੂਰ ਅਤੇ ਗੜ੍ਹਚਿਰੌਲੀ ਦੇ ਖੇਤਰਾਂ ਵਿਚ ਨਵੇਂ ਮੌਕੇ ਪੈਦਾ ਹੋ ਰਹੇ ਹਨ। ਇਸ ਖੇਤਰ ਵਿਚ ਨਕਸਲਵਾਦ ਨੂੰ ਮੁੜ ਭਾਰੂ ਹੋਣ ਤੋਂ ਰੋਕਣ ਲਈ, ਤੁਹਾਨੂੰ ਇੱਥੇ ਕਾਂਗਰਸ ਅਤੇ ਇਸ ਦੇ ਸਹਿਯੋਗੀਆਂ ਨੂੰ ਹਾਵੀ ਨਹੀਂ ਹੋਣ ਦੇਣਾ ਚਾਹੀਦਾ।