ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਪਿੰਡ ਲਾਲਚੀਆਂ 'ਚ ਚੁਣਿਆ ਗਿਆ ਸਰਪੰਚ
ਗੁਰੂਹਰਸਹਾਏ (ਫਿਰੋਜ਼ਪੁਰ), 16 ਅਕਤੂਬਰ (ਹਰਚਰਨ ਸਿੰਘ ਸੰਧੂ)-ਪੰਜਾਬ ਭਰ ਵਿਚ ਕੱਲ੍ਹ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਹਲਕਾ ਗੁਰੂਹਰਸਹਾਏ ਦੇ ਪਿੰਡ ਚੱਕ ਮਾਈਨ ਹਰਦੋ ਢੰਡੀ (ਲਾਲਚੀਆਂ) ਵਿਖੇ ਅਕਾਲੀ ਦਲ ਦੇ ਉਮੀਦਵਾਰ ਹਰਵਿੰਦਰ ਸਿੰਘ (ਸੰਤ) ਨੇ ਬਾਜ਼ੀ ਮਾਰ ਲਈ ਹੈ। ਉਸ ਨੇ 231 ਵੋਟਾਂ ਪ੍ਰਾਪਤ ਕਰਕੇ ਆਪਣੇ ਨਿਕਟ ਵਿਰੋਧੀ ‘ਆਪ’ ਦੇ ਉਮੀਦਵਾਰ ਨੂੰ 48 ਵੋਟਾਂ ਨਾਲ ਮਾਤ ਦਿੱਤੀ ਹੈ। ਸਰਪੰਚ ਚੁਣਨ ਤੋਂ ਬਾਅਦ ਹਰਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਆਖਿਆ ਕਿ ਮੈਂ ਸਮੁੱਚੇ ਨਗਰ ਦੇ ਸਾਰੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਬਿਨਾਂ ਕਿਸੇ ਜਾਤ-ਪਾਤ ਤੋਂ ਉਪਰ ਉਠ ਕੇ ਮੈਨੂੰ ਇਹ ਮਾਣ ਬਖਸ਼ਿਆ ਹੈ। ਉਨ੍ਹਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਮੈਂ ਬਿਨਾਂ ਕਿਸੇ ਭੇਦ-ਭਾਵ ਦੇ ਸਭ ਨਗਰ ਦਾ ਵਿਕਾਸ ਕਰਵਾਵਾਂਗਾ ਅਤੇ ਹਰੇਕ ਪਿੰਡ ਵਾਸੀ ਨੂੰ ਸਤਿਕਾਰ ਸਹਿਤ ਨਿਆਂ ਦੇਵਾਂਗਾ।