ਸਮਰਾਲਾ 'ਚ ਝੋਨੇ ਦੀ ਖਰੀਦ ਦੇ ਸਰਕਾਰੀ ਐਲਾਨ ਠੁੱਸ, ਕਿਸਾਨ ਮੰਡੀਆਂ 'ਚ ਹੋਏ ਖੱਜਲ-ਖੁਆਰ
ਸਮਰਾਲਾ (ਲੁਧਿਆਣਾ), 8 ਅਕਤੂਬਰ (ਗੋਪਾਲ ਸੋਫਤ)-ਪੰਜਾਬ ਭਰ ਦੇ ਆੜ੍ਹਤੀ ਸ਼ੈਲਰ ਮਾਲਕ ਅਤੇ ਮੰਡੀ ਪੱਲੇਦਾਰਾਂ ਦੀ ਹੜਤਾਲ ਦਾ ਮਾਮਲਾ ਸੁਲਝਣ ਦੇ ਦਾਅਵੇ ਨਾਲ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਐਲਾਨ ਸਿਰਫ ਐਲਾਨ ਹੀ ਰਹਿ ਗਏ। ਝੋਨੇ ਦੀਆਂ ਅਗੇਤੀ ਫਸਲਾਂ ਨੂੰ ਵੇਚਣ ਲਈ ਪਿਛਲੇ ਤਿੰਨ ਹਫਤਿਆਂ ਤੋਂ ਮੰਡੀਆਂ ਵਿਚ ਬੈਠੇ ਕਿਸਾਨਾਂ ਨੂੰ ਅੱਜ ਤੋਂ ਝੋਨੇ ਦੇ ਭਾਅ ਲੱਗਣ ਦੀ ਆਸ ਸੀ ਪਰ ਸਰਕਾਰੀ ਅਧਿਕਾਰੀਆਂ ਵਲੋਂ ਬੋਲੀ ਸ਼ੁਰੂ ਨਾ ਕਰਵਾਉਣ ਕਰਕੇ ਸਥਾਨਕ ਅਨਾਜ ਮੰਡੀ ਵਿਚ ਇਕ ਵੀ ਝੋਨੇ ਦੀ ਢੇਰੀ ਨਹੀਂ ਵਿਕ ਸਕੀ। ਆੜ੍ਹਤੀਆਂ ਨੂੰ ਖਦਸ਼ਾ ਹੈ ਕਿ ਪਿਛਲੇ ਸਾਲ ਦੇ ਚੌਲਾਂ ਨਾਲ ਨੱਕੋ-ਨੱਕ ਭਰੇ ਗੁਦਾਮਾਂ ਵਿਚ ਨਵੇਂ ਚੌਲ ਲਾਉਣ ਲਈ ਥਾਂ ਨਾ ਹੋਣ ਕਾਰਨ ਖਰੀਦ ਕੀਤਾ ਝੋਨਾ ਮੰਡੀਆਂ ਵਿਚ ਹੀ ਪਿਆ ਰਹੇਗਾ ਅਤੇ 72 ਘੰਟਿਆਂ ਤੋਂ ਬਾਅਦ ਖਰੀਦੇ ਝੋਨੇ ਦੇ ਵਜ਼ਨ ਦਾ ਘਾਟਾ ਆੜ੍ਹਤੀਆਂ ਤੋਂ ਵਸੂਲਿਆ ਜਾਵੇਗਾ ਪਰ ਕੋਈ ਵੀ ਸਰਕਾਰੀ ਅਧਿਕਾਰੀ ਮੰਡੀਆਂ ਵਿਚ ਝੋਨੇ ਦੀ ਬੋਲੀ ਕਰਵਾਉਣ ਲਈ ਨਹੀਂ ਪਹੁੰਚਿਆ ਅਤੇ ਕਿਸਾਨ ਖੱਜਲ-ਖੁਆਰ ਹੋਏ।