ਫਾਜ਼ਿਲਕਾ ਜ਼ਿਲ੍ਹੇ 'ਚ 47 ਸਰਪੰਚ ਤੇ 1107 ਪੰਚ ਨਿਰਵਿਰੋਧ ਚੁਣੇ ਗਏ - ਏ.ਡੀ.ਸੀ.
ਫਾਜ਼ਿਲਕਾ, 8 ਅਕਤੂਬਰ (ਪ੍ਰਦੀਪ ਕੁਮਾਰ)-ਫਾਜ਼ਿਲਕਾ ਦੇ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਂ ਵਾਪਸੀ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਪੰਚਾਇਤੀ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੰਡ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 47 ਸਰਪੰਚ ਅਤੇ 1107 ਪੰਚ ਨਿਰ-ਵਿਰੋਧ ਚੁਣੇ ਗਏ ਹਨ। ਹੁਣ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਜ਼ਿਲ੍ਹੇ ਵਿਚ 1519 ਸਰਪੰਚ ਉਮੀਦਵਾਰ ਮੈਦਾਨ ਵਿਚ ਹਨ ਜਦਕਿ ਸਰਪੰਚੀ ਲਈ ਨਾਮਜ਼ਦਗੀਆਂ ਭਰਨ ਵਾਲੇ 984 ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਵਾਪਸ ਲਈ ਹੈ। ਇਸੇ ਤਰ੍ਹਾਂ ਪੰਚ ਦੇ ਅਹੁਦੇ ਲਈ 1191 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ ਅਤੇ ਹੁਣ 4286 ਪੰਚ ਉਮੀਦਵਾਰ ਚੋਣ ਮੈਦਾਨ ਵਿਚ ਹਨ। ਬਲਾਕ ਅਬੋਹਰ ਵਿਚ 8, ਬਲਾਕ ਖੂਈਆਂ ਸਰਵਰ ਵਿਚ 3, ਬਲਾਕ ਅਰਨੀਵਾਲਾ ਅਤੇ ਫਾਜ਼ਿਲਕਾ ਵਿਚ 5-5 ਅਤੇ ਜਲਾਲਾਬਾਦ ਬਲਾਕ ਵਿਚ 26 ਸਰਪੰਚ ਨਿਰ-ਵਿਰੋਧ ਚੁਣੇ ਗਏ ਹਨ। ਬਲਾਕ ਅਬੋਹਰ ਵਿਚ 305 ਪੰਚ, ਬਲਾਕ ਖੂਈਆਂ ਸਰਵਰ ਵਿਚ 170, ਬਲਾਕ ਅਰਨੀਵਾਲਾ ਵਿਚ 145, ਬਲਾਕ ਫਾਜ਼ਿਲਕਾ ਵਿਚ 170 ਅਤੇ ਬਲਾਕ ਜਲਾਲਾਬਾਦ ਵਿਚ 317 ਪੰਚ ਨਿਰ-ਵਿਰੋਧ ਚੁਣੇ ਗਏ ਹਨ। ਹੁਣ ਅਬੋਹਰ ਬਲਾਕ ਵਿਚ ਸਰਪੰਚ ਦੇ ਅਹੁਦੇ ਲਈ 265, ਖੂਈਆਂ ਸਰਵਰ ਬਲਾਕ ਵਿਚ 208, ਅਰਨੀਵਾਲਾ ਬਲਾਕ ਵਿਚ 132, ਫਾਜ਼ਿਲਕਾ ਬਲਾਕ ਵਿਚ 363 ਅਤੇ ਜਲਾਲਾਬਾਦ ਬਲਾਕ ਵਿਚ 551 ਉਮੀਦਵਾਰ ਮੈਦਾਨ ਵਿਚ ਹਨ ਜਦਕਿ ਪੰਚ ਦੇ ਅਹੁਦੇ ਲਈ ਅਬੋਹਰ ਬਲਾਕ ਵਿਚ 797, ਖੂਈਆਂ ਸਰਵਰ ਬਲਾਕ ਵਿਚ 727, ਅਰਨੀਵਾਲਾ ਬਲਾਕ ਵਿਚ 370, ਫਾਜ਼ਿਲਕਾ ਬਲਾਕ ਵਿਚ 927 ਅਤੇ ਜਲਾਲਾਬਾਦ ਬਲਾਕ ਵਿਚ 1465 ਉਮੀਦਵਾਰ ਮੈਦਾਨ ਵਿਚ ਹਨ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਸ਼ਾਂਤਮਈ ਅਤੇ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।