ਜ਼ਿਲ੍ਹਾ ਸੰਗਰੂਰ ਵਿਚ 57 ਸਰਪੰਚ ਅਤੇ 1806 ਪੰਚ ਬਿਨ੍ਹਾਂ ਮੁਕਾਬਲਾ ਜੇਤੂ
ਸੰਗਰੂਰ, 8 ਅਕਤੂਬਰ (ਧੀਰਜ ਪਸ਼ੋਰੀਆ)- ਰਾਜ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸੰਗਰੂਰ ਵਿਖੇ 15 ਅਕਤੂਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਹੁਣ ਸਰਪੰਚ ਦੇ ਅਹੁਦੇ ਲਈ ਕੁੱਲ 1042 ਅਤੇ ਪੰਚ ਦੇ ਅਹੁਦੇ ਲਈ 2684 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ 7 ਅਕਤੂਬਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਅੰਤਿਮ ਤਾਰੀਖ ਮੌਕੇ ਜ਼ਿਲ੍ਹੇ ਭਰ ਵਿਚ 869 ਉਮੀਦਵਾਰਾਂ ਨੇ ਸਰਪੰਚ ਅਤੇ 1500 ਉਮੀਦਵਾਰਾਂ ਨੇ ਪੰਚ ਦੇ ਅਹੁਦੇ ਲਈ ਭਰੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਖੇ ਸਰਪੰਚ ਦੇ ਅਹੁਦੇ ਲਈ ਬਿਨ੍ਹਾਂ ਮੁਕਾਬਲਾ ਜੇਤੂ ਉਮੀਦਵਾਰਾਂ ਦੀ ਗਿਣਤੀ 57 ਅਤੇ ਪੰਚਾਂ ਦੀ ਗਿਣਤੀ 1806 ਹੈਜ਼ਿਕਰਯੋਗ ਹੈ ਕਿ ਇਕੱਲੇ ਦਿੜ੍ਹਬਾ ਬਲਾਕ ਵਿਚ ਪਿੰਡ ਨਿਹਾਲਗੜ, ਰਤਨਗੜ ਸਿਧੜਾਂ, ਕਾਦਰਨਗਰ ਮੁਨਸ਼ੀਵਾਲਾ, ਸਿਹਾਲ, ਸਰਪੰਚ ਅਤੇ ਸਮੂਹ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ। ਇਸੇ ਤਰ੍ਹਾਂ ਪਿੰਡ ਖੇਤਲਾ ਦੇ ਸਰਪੰਚ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ। ਵੋਟਾਂ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ।