ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਭਵਾਨੀਗੜ੍ਹ, (ਸੰਗਰੂਰ), 7 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਨਾਗਰਾ ਵਿਖੇ ਮਿੱਟੀ ਦੀ ਟਰਾਲੀ ਭਰ ਕੇ ਟਰੈਕਟਰ ’ਤੇ ਜਾ ਰਹੇ ਇਕ ਵਿਅਕਤੀ ਦੇ ਗਲ ’ਤੇ ਤੇਜ਼ਧਾਰ ਹਥਿਆਰ ਮਾਰ ਦੇਣ ਕਾਰਨ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਚਾਚਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਤੀਜਾ ਗੁਰਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਸੂਲਰ ਘਰਾਟ, ਜੋ ਖੇਤੀਬਾੜੀ ਕਰਦਾ ਸੀ, ਮਿੱਟੀ ਦੀ ਟਰਾਲੀ ਭਰ ਕੇ ਪਿੰਡ ਨਾਗਰੇ ਤੋਂ ਗੁੱਜਰਾਂ ਵੱਲ ਜਾ ਰਿਹਾ ਸੀ, ਤਾਂ ਰਸਤੇ ਵਿਚ ਇਕ ਮੋੜ ’ਤੇ ਕਥਿਤ ਤੌਰ ’ਤੇ ਇਕ ਵਿਅਕਤੀ ਵਲੋਂ ਟਰੈਕਟਰ ’ਤੇ ਚੜ੍ਹ ਕੇ ਇਕ ਤੇਜ਼ਧਾਰ ਹਥਿਆਰ ਨਾਲ ਉਸ ਦੇ ਗਲੇ ’ਤੇ ਵਾਰ ਕਰਦਿਆਂ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਮੌਕੇ ਤੋਂ ਸੰਗਰੂਰ ਹਸਪਤਾਲ ਲਿਆਂਦਾ ਗਿਆ, ਜਿਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖ਼ਦਿਆਂ ਪਟਿਆਲਾ ਭੇਜਿਆ ਗਿਆ, ਜਿਥੇ ਜਾ ਕੇ ਉਸ ਨੇ ਦਮ ਤੋੜ ਦਿੱਤਾ। ਇਸ ਸੰਬੰਧੀ ਥਾਣਾ ਮੁਖੀ ਗੁਰਨਾਮ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਇਸ ਕਤਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।