ਜ਼ੀਰਕਪੁਰ ਪੁਲਿਸ ਵਲੋਂ ਜਾਅਲੀ ਐੱਨ.ਆਈ.ਏ. ਗਰੋਹ ਦੇ 8 ਮੈਂਬਰ ਅੜਿੱਕੇ
ਜ਼ੀਰਕਪੁਰ, 20 ਜੁਲਾਈ (ਹੈਪੀ ਪੰਡਵਾਲਾ)-ਜ਼ੀਰਕਪੁਰ ਪੁਲਿਸ ਵਲੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਜਾਅਲੀ ਮੁਖੀ ਦੱਸ ਕੇ ਇਕ ਕਾਰੋਬਾਰੀ ਕੋਲੋਂ 50 ਲੱਖ ਰੁਪਏ ਮੰਗਣ ਦੇ ਦੋਸ਼ ਹੇਠ 8 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ 'ਚ 2 ਔਰਤਾਂ ਵੀ ਸ਼ਾਮਿਲ ਹਨ। ਇਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਸੁਸ਼ੀਲ ਵਾਸੀ ਬਹਾਦਰਗੜ੍ਹ ਜ਼ਿਲ੍ਹਾ ਝੱਜਰ ਹਰਿਆਣਾ, ਨੀਲਮ ਵਾਸੀ ਉਤਮ ਨਗਰ ਦਿੱਲੀ, ਦਲਵਿੰਦਰ ਸਿੰਘ ਵਾਸੀ ਪਿੰਡ ਮਲੋਆ ਚੰਡੀਗੜ੍ਹ, ਰਾਧੇ ਸ਼ਿਆਮ ਵਾਸੀ ਪਿੰਡ ਸਾਗਪੁਰ ਰੋਪੜ, ਰਾਜ ਕੁਮਾਰ ਵਾਸੀ ਉਤਮ ਨਗਰ ਦਿੱਲੀ, ਨਿਤੇਸ਼ ਵਾਸੀ ਬਹਾਦਰਗੜ੍ਹ ਜ਼ਿਲ੍ਹਾ ਝੱਜਰ ਹਰਿਆਣਾ, ਸੁਭਾਸ਼ ਚੰਦਰ ਵਾਸੀ ਪਿੰਡ ਰਾਣੀਆ ਜ਼ਿਲ੍ਹਾ ਸਿਰਸਾ ਹਰਿਆਣਾ, ਜੋਤੀ ਵਾਸੀ ਕ੍ਰਿਸ਼ਨਾ ਅਪਾਰਟਮੈਂਟ ਦੁਆਰਕਾ ਨਵੀਂ ਦਿੱਲੀ ਵਜੋਂ ਹੋਈ ਹੈ। ਮਾਮਲੇ ਬਾਬਤ ਇਥੇ ਪੁਲਿਸ ਕਪਤਾਨ ਦਿਹਾਤੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਡੀ.ਐੱਸ.ਪੀ. ਸਿਮਰਨਜੀਤ ਸਿੰਘ ਦੀ ਅਗਵਾਈ 'ਚ ਥਾਣਾ ਮੁਖੀ ਇੰਸਪੈਕਟਰ ਜਸਕੰਵਲ ਸਿੰਘ ਸੇਖੋਂ ਆਧਾਰਿਤ ਟੀਮ ਨੇ ਮੁਲਜ਼ਮਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੈਕਟਰ 39-ਬੀ ਚੰਡੀਗੜ੍ਹ ਦੇ ਵਾਸੀ ਵੀਰਪਾਲ ਸਿੰਘ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਹ ਖੇਤੀਬਾੜੀ ਤੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਸ਼ਿਕਾਇਤਕਰਤਾ ਮੁਤਾਬਕ ਲੰਘੀ 17 ਜੁਲਾਈ ਨੂੰ ਉਸਨੂੰ ਕਿਸੇ ਨੇ ਵਟਸਐਪ ਕਾਲ ਕਰਕੇ ਕਿਹਾ ਕਿ ਉਹ ਐਨ.ਆਈ.ਏ. ਟੀਮ ਦਾ ਚੀਫ਼ ਸੁਸ਼ੀਲ ਕੁਮਾਰ ਬੋਲ ਰਿਹਾ ਹੈ। ਉਸਨੇ ਸ਼ਿਕਾਇਤਕਰਤਾ ਨੂੰ ਅੰਬਾਲਾ-ਚੰਡੀਗੜ੍ਹ ਸੜਕ 'ਤੇ ਸਿੰਘਪੁਰਾ ਚੌਕ 'ਤੇ ਆ ਕੇ ਮਿਲਣ ਲਈ ਕਿਹਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹ ਉਕਤ ਦੱਸੀ ਥਾਂ 'ਤੇ ਪਹੁੰਚਿਆ ਤਾਂ ਅੱਗੇ ਤਿੰਨ ਕਾਰਾਂ ਵਿਚ 3 ਔਰਤਾਂ ਸਣੇ 7-8 ਵਿਅਕਤੀ ਬੈਠੇ ਸਨ। ਉਨ੍ਹਾਂ 'ਚੋਂ ਇਕ ਵਿਅਕਤੀ ਨੇ ਕਿਹਾ ਕਿ ਉਸਦਾ ਨਾਂਅ ਸੁਸ਼ੀਲ ਕੁਮਾਰ ਹੈ। ਉਸਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਦਿੱਲੀ ਵਿਚ 30 ਕਰੋੜ ਰੁਪਏ ਦਾ ਗਬਨ ਹੋਇਆ ਹੈ। ਇਸ ਕੇਸ ਵਿਚ ਉਸਦਾ ਨਾਂਅ ਵੀ ਸ਼ਾਮਿਲ ਹੈ। ਇਸ ਕਰਕੇ ਬੈਂਕ ਖਾਤਿਆਂ ਅਤੇ ਪ੍ਰਾਪਰਟੀ ਦੀ ਜਾਂਚ ਕਰਨੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਸ਼ਿਕਾਇਤਕਰਤਾ ਨੂੰ ਕਿਹਾ ਕਿ ਉਹ ਘਬਰਾਏ ਨਾ ਅਤੇ ਇਸ ਕੇਸ ਵਿਚੋਂ ਨਾਂਅ ਕੱਢਣ ਲਈ 50 ਲੱਖ ਰੁਪਏ ਦੇਣੇ ਪੈਣਗੇ ਤਾਂ ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਇੰਨੀ ਵੱਡੀ ਰਕਮ ਦਾ ਇੰਤਜ਼ਾਮ ਨਹੀਂ ਕਰ ਸਕਦਾ ਸਗੋਂ 10 ਲੱਖ ਰੁਪਏ ਹੀ ਦੇ ਸਕਦਾ ਹੈ। ਇਸ ਉਪਰੰਤ ਸ਼ਿਕਾਇਤਕਰਤਾ ਨੇ ਉਨ੍ਹਾਂ ਨੂੰ ਹਵਾਈ ਅੱਡਾ ਸੜਕ 'ਤੇ ਇਕ ਢਾਬੇ 'ਤੇ ਮਿਲਣ ਦਾ ਵਾਅਦਾ ਕਰਕੇ ਖ਼ੁਦ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ। ਡੀ.ਐੱਸ.ਪੀ. ਨੇ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਇੰਸਪੈਕਟਰ ਜਸਕੰਵਲ ਸਿੰਘ ਸੇਖੋਂ ਨੇ ਸਮੇਤ ਟੀਮ ਢਾਬੇ 'ਤੇ ਦਿੱਲੀ ਅਤੇ ਪੰਜਾਬ ਨੰਬਰ ਦੀਆਂ ਕਾਰਾਂ 'ਚ ਬੈਠੇ 8 ਵਿਅਕਤੀਆਂ ਨੂੰ ਦੋ ਔਰਤਾਂ ਸਮੇਤ ਕਾਬੂ ਕਰ ਲਿਆ। ਪੁਲਿਸ ਵਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।