ਮਾਣਹਾਨੀ ਮਾਮਲੇ ’ਚ ਭਲਕੇ ਸੰਸਦ ਮੈਂਬਰ-ਵਿਧਾਇਕ ਅਦਾਲਤ ’ਚ ਪੇਸ਼ ਹੋਣਗੇ ਰਾਹੁਲ ਗਾਂਧੀ
ਸੁਲਤਾਨਪੁਰ (ਯੂ.ਪੀ.), 25 ਜੁਲਾਈ- ਕਾਂਗਰਸ ਨੇਤਾ ਰਾਹੁਲ ਗਾਂਧੀ ਮਾਣਹਾਨੀ ਦੇ ਇਕ ਮਾਮਲੇ ਦੀ ਸੁਣਵਾਈ ਲਈ ਭਲਕੇ ਸ਼ੁੱਕਰਵਾਰ ਨੂੰ ਇੱਥੇ ਸੰਸਦ ਮੈਂਬਰ-ਵਿਧਾਇਕ ਅਦਾਲਤ ਵਿਚ ਪੇਸ਼ ਹੋਣਗੇ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਭਿਸ਼ੇਕ ਸਿੰਘ ਰਾਣਾ ਨੇ ਕਿਹਾ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸਵੇਰੇ 9 ਵਜੇ ਲਖਨਊ ਹਵਾਈ ਅੱਡੇ ’ਤੇ ਉਤਰਨਗੇ ਅਤੇ ਫਿਰ ਸੁਲਤਾਨਪੁਰ ਵੱਲ ਰਵਾਨਾ ਹੋਣਗੇ। ਸਥਾਨਕ ਭਾਰਤੀ ਜਨਤਾ ਪਾਰਟੀ ਦੇ ਨੇਤਾ ਵਿਜੇ ਮਿਸ਼ਰਾ ਨੇ 4 ਅਗਸਤ, 2018 ਨੂੰ ਗਾਂਧੀ ਦੇ ਖ਼ਿਲਾਫ਼ 2018 ਵਿਚ ਤਤਕਾਲੀ ਭਾਜਪਾ ਪ੍ਰਧਾਨ ਅਤੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖ਼ਿਲਾਫ਼ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ ਲਈ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਅਦਾਲਤ ਨੇ 20 ਫਰਵਰੀ ਨੂੰ ਇਸ ਮਾਮਲੇ ਵਿਚ ਗਾਂਧੀ ਨੂੰ ਜ਼ਮਾਨਤ ਦੇ ਦਿੱਤੀ ਸੀ। ਸਪੈਸ਼ਲ ਮੈਜਿਸਟਰੇਟ ਸ਼ੁਭਮ ਵਰਮਾ ਨੇ ਰਾਹੁਲ ਗਾਂਧੀ ਨੂੰ 26 ਜੁਲਾਈ ਨੂੰ ਬਿਆਨ ਦਰਜ ਕਰਵਾਉਣ ਲਈ ਤਲਬ ਕੀਤਾ ਹੈ।