ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਨੂੰ ਜਲੰਧਰ ਵਿਚ ਬੈਠਣ ਲਈ ਮਜਬੂਰ ਕਰ ਦਿੱਤਾ- ਸੁਨੀਲ ਜਾਖੜ

ਲੁਧਿਆਣਾ ,12 ਜੁਲਾਈ (ਰੂਪੇਸ਼ ਕੁਮਾਰ) - ਲੁਧਿਆਣਾ ਵਿਚ ਹੋਈ ਪੰਜਾਬ ਭਾਜਪਾ ਦੀ ਵਿਸਥਾਰਤ ਕਾਰਜਕਾਰਨੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਰਿਆਂ ਦਾ ਭੁਲੇਖਾ ਦੂਰ ਕਰ ਦਿੱਤਾ ਹੈ। ਭਲਕੇ ਜਲੰਧਰ ਵਿਚ ਆ ਰਹੀ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਦੇ ਨਤੀਜਿਆਂ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲੰਧਰ ਵਿਚ ਬੈਠਣ ਲਈ ਮਜਬੂਰ ਕਰ ਦਿੱਤਾ। ਅਜਿਹੇ 'ਚ ਕੀ ਮੁੱਖ ਮੰਤਰੀ ਆਉਣ ਵਾਲੀਆਂ ਉਪ ਚੋਣਾਂ ਦੌਰਾਨ ਸੰਬੰਧਿਤ ਖੇਤਰ 'ਚ ਘਰ ਲੈਣਗੇ ? ਜਦੋਂਕਿ ਬਠਿੰਡਾ ਵਿਚ ਇਨ੍ਹਾਂ ਦੀ ਭਾਈਵਾਲੀ ਹੈ। ਇਸੇ ਤਰ੍ਹਾਂ ਉਨ੍ਹਾਂ ਪੁਲਿਸ ਵਲੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਨਸ਼ੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਬਾਰੇ ਵੀ ਟਿੱਪਣੀ ਕੀਤੀ। ਜਾਖੜ ਨੇ ਕਿਹਾ ਕਿ ਪੱਗ ਬੰਨ੍ਹਣ ਨਾਲ ਕੋਈ ਸਰਦਾਰ ਨਹੀਂ ਬਣਦਾ ਅਤੇ ਨਾ ਹੀ ਤਿਲਕ ਲਗਾਉਣ ਨਾਲ ਕੋਈ ਹਿੰਦੂ ਬਣ ਜਾਂਦਾ ਹੈ। ਲੋਕਾਂ ਨੂੰ ਚਿਹਰੇ ਪਛਾਣਨੇ ਚਾਹੀਦੇ ਹਨ।